Punjab
ਕੋਰੋਨਾ ਦੀ ਮਾਰ ਕਿਸਾਨਾਂ ‘ਤੇ ਪਈ
ਕਿਸਾਨਾਂ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ, ਕਿਉਂਕਿ ਭਾਰਤ ਦੀ ਅਰਥਵਿਵਸਥਾ ਖੇਤੀਬਾੜੀ ਤੇ ਨਿਰਭਰ ਕਰਦੀ ਹੈ। ਅੰਨਦਾਤਾ ਵੱਜੋਂ ਜਾਣੇ ਜਾਂਦੇ ਕਿਸਾਨਾਂ ਦੀ ਅੱਜ ਵਿੱਤੀ ਹਾਲਤ ਚਿੰਤਾਜਨਕ ਹੈ। ਦੁਨੀਆਂ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਅੱਜ ਆਪਣੇ ਪਰਿਵਾਰ ਦਾ ਢਿੱਡ ਭਰਨਾ ਅੌਖਾ ਹੋ ਰਿਹਾ ਹੈ। ਕਿਸਾਨ ਆਪਣੀ ਫਸਲ ਨੂੰ ਪੁੱਤਰਾਂ ਵਾਂਗ ਪਾਲਦਾ ਹੈ ਅਤੇ ਫਸਲ ਦੇ ਪੱਕਣ ਤੱਕ ਬੇਸਬਰੀ ਨਾਲ ਉਡੀਕ ਕਰਦਾ ਹੈ, ਕਿਉਂਕਿ ਇਸ ਫਸਲ ਤੇ ਹੀ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਟਿਕਿਆ ਰਹਿੰਦਾ ਹੈ। ਪਰ ਜਦੋਂ ਪੱਕੀ ਪਕਾਈ ਫਸਲ ਤੇ ਕਦੇ ਕੁਦਰਤ ਦੀ ਮਾਰ ਪੈਂਦੀ ਹੈ ਅਤੇ ਕਦੇ ਸਰਕਾਰਾਂ ਦੀ ਬੇਰੁਖੀ ਝੱਲਣੀ ਪੈਂਦੀ ਹੈ ਤਾਂ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਹਨ ਜਾਂ ਕਰਜੇ ਹੇਠ ਇਸ ਤਰ੍ਹਾਂ ਦੱਬ ਜਾਂਦੇ ਹਨ ਕਿ ਸਾਰੀ ਉਮਰ ਉਸ ਬੋਝ ਨੂੰ ਆਪਣੇ ਮੋਢਿਆਂ ਤੋਂ ਉਤਾਰ ਨਹੀਂ ਪਾਉਂਦੇ। ਹਰ ਵਾਰ ਕਿਸਾਨਾਂ ਨਾਲ ਅਜਿਹਾ ਹੀ ਹੋ ਰਿਹਾ ਹੈ । ਹੁਣ ਵੀ ਇੱਕ ਤਾਂ ਬੇਮੌਸਮੀ ਬਰਸਾਤ ਨੇ ਫਸਲਾਂ ਖਰਾਬ ਕਰ ਦਿੱਤੀਆਂ ਤਾਂ ਦੂਜਾ ਕੋਰੋਨਾ ਵਾਇਰਸ ਦੀ ਮਾਰ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਰਕਾਰ ਨੇ ਤਾਲਾਬੰਦੀ ਕਰ ਦਿੱਤੀ ਹੈ ਜਿਸ ਨੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਹੈ। ਸਭ ਤੋਂ ਵੱਧ ਮਾਰ ਪੰਜਾਬ ਦੇ ਕਿਸਾਨਾਂ ਨੂੰ ਪੈ ਰਹੀ ਹੈ। ਇਸ ਸਮੇਂ ਕਣਕ ਦੀ ਫਸਲ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਕਿਸਾਨਾਂ ਦਾ ਗਿਲਾ ਹੈ ਕਿ ਸਰਕਾਰ ਨੇ ਅਜੇ ਤੱਕ ਇਸ ਸਬੰਧੀ ਕੋਈ ਰਣਨੀਤੀ ਨਹੀਂ ਬਣਾਈ। ਹਾਲਾਂਕਿ ਕਿ ਕਿਸਾਨਾਂ ਨੂੰ ਉਮੀਦ ਸੀ ਕਿ 31 ਮਾਰਚ ਤੋਂ ਬਾਅਦ ਹਾਲਾਤ ਸੁਧਰ ਜਾਣਗੇ ਪਰ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕਰਕੇ ਕਿਸਾਨਾਂ ਨੂੰ ਮੁਸ਼ਕਲ ਵਿਚ ਪਾ ਦਿੱਤਾ।
ਇਸ ਬਾਰੇ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਗੰਨੇ ਤੇ ਸਰਸੋਂ ਦੀ ਫ਼ਸਲ ਖੇਤਾਂ ਚ ਖੜੀ ਹੈ ਪੁੱਖਤਾ ਪ੍ਰਬੰਧ ਨਾ ਹੋਣ ਕਰਕੇ ਇਹ ਨਾ ਫ਼ਸਲਾਂ ਨੂੰ ਕੱਟ ਸਕਦੇ ਹਨ ਨਾ ਹੀ ਇਸਨੂੰ ਮੰਡੀਆਂ ਜਾਂ ਦੂਰ ਦਰਜ ਤੱਕ ਪਹੁੰਚਾ ਸਕਦੇ ਹਨ।
ਇਸ ਤੋਂ ਇਲਾਵਾ ਡੇਅਰੀ, ਸਬਜੀ ਤੇ ਹੋਰ ਸਹਾਇਕ ਧੰਦਾ ਕਰਨ ਵਾਲੇ ਕਿਸਾਨ ਸਭ ਤੋਂ ਵੱਧ ਫਿਕਰਮੰਦ ਹਨ। ਪਿੰਡਾਂ ਵਿਚੋਂ ਸ਼ਹਿਰਾਂ ਵੱਲ ਦੁੱਧ ਦੀ ਸਪਲਾਈ ਨਹੀਂ ਹੋ ਰਹੀ। ਇਸ ਤੋਂ ਇਲਾਵਾ ਸਬਜ਼ੀਆਂ ਦੀ ਸਪਲਾਈ ਰੁਕਣ ਕਾਰਨ ਕਿਸਾਨਾਂ ਖੇਤਾਂ ਵਿਚ ਹੀ ਸਬਜ਼ੀਆਂ ਦੇ ਢੇਰ ਲਾ ਕੇ ਬੈਠੇ ਹਨ।
ਸੂਬੇ ਦੇ ਕਿਸਾਨ ਇਸ ਚਿੰਤਾ ਵਿਚ ਹਨ ਕਿ ਉਹ ਆਪਣੀ ਫ਼ਸਲ ਨੂੰ ਕਿਵੇਂ ਸਾਂਭਣਗੇ। ਕਿਸਾਨ, ਕਣਕ ਦੀ ਵਾਢੀ, ਮੰਡੀਆਂ ਵਿਚ ਕਣਕ ਸੁੱਟਣ ਤੇ ਸਹੀ ਮੁੱਲ ਮਿਲਣ ਜਾਂ ਨਾ ਮਿਲਣ ਸਬੰਧੀ ਚਿੰਤਤ ਹਨ। ਅਪਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਕਰੋਨਾਵਾਇਰਸ ਕਾਰਨ ਕਿਸਾਨ ਚਿੰਤਤ ਹਨ। ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਰੋਨਾਵਾਇਰਸ ਵਿਚ ਫਸਿਆ ਸਰਕਾਰੀ ਤੰਤਰ ਕਿਵੇਂ ਅਪਰੈਲ ਦੇ ਪਹਿਲੇ ਹਫ਼ਤੇ ਤੱਕ ਮੰਡੀਆਂ ਨੂੰ ਕਣਕ ਦੀ ਖਰੀਦ ਲਈ ਤਿਆਰ ਕਰ ਸਕੇਗਾ।