Punjab
ਪਰਾਲੀ ਪ੍ਰਬੰਧਨ ਲਈ ਕਿਸਾਨ ਨਵੀਨਤਮ ਮਸ਼ੀਨਰੀ ਦੀ ਵਰਤੋਂ ਕਰਨ : ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ:
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਕਿਸਾਨ ਪਰਾਲੀ ਦਾ ਪ੍ਰਬੰਧਨ ਕਰਨ ਲਈ ਵਿਭਾਗ ਵੱਲੋਂ ਨਿੱਜੀ ਕਿਸਾਨ, ਕਸਟਮ ਹਾਇਰਿੰਗ ਸੈਂਟਰ ਅਤੇ ਸਹਿਕਾਰੀ ਸਭਾਵਾਂ ਨੂੰ ਸਬਸਿਡੀ ਉਪਰ ਦਿੱਤੀ ਗਈ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ।
ਡਾ. ਹਰਿੰਦਰ ਸਿੰਘ ਨੇ ਸਮੂਹ ਕੰਬਾਇਨ ਓਪਰੇਟਰਾਂ ਨੂੰ ਹਦਾਇਤ ਕੀਤੀ ਹੈ ਕਿ ਜਿਥੇ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਣੀਆਂ ਹਨ, ਉਸ ਖੇਤ ਵਿੱਚ ਬਿਨਾਂ ਸੁਪਰ ਐਸ.ਐਮ.ਐਸ ਰਾਹੀਂ ਕੰਬਾਇਨ ਚਲਾਉਣ ਬਾਰੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਪਹਿਲਾਂ ਸੂਚਨਾ ਦਿੱਤੀ ਜਾਵੇ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਹਿਲੀ ਵਾਰ ਬਿਨਾਂ ਸੁਪਰ ਐਸ.ਐਮ.ਐਸ ਕੰਬਾਇਨ ਚਲਾਉਣ ਉਤੇ ਪੰਜਾਹ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਸਾਲ 2022-23 ਦੌਰਾਨ ਸੀ.ਆਰ.ਐਮ ਸਕੀਮ ਅਧੀਨ ਡਰਾਅ ਨਿਕਲਣ ਵਾਲੇ ਕਿਸਾਨਾਂ ਨੂੰ ਸਬਸਿਡੀ ਉਤੇ ਮਿਲਣ ਵਾਲੀ ਮਸ਼ੀਨਰੀ ਦੀ ਖਰੀਦ ਜਲਦ ਤੋਂ ਜਲਦ ਕੀਤੀ ਜਾਵੇ। ਜੇਕਰ ਕੋਈ ਕਿਸਾਨ ਮਸ਼ੀਨਰੀ ਖਰੀਦ ਕਰਨ ਦਾ ਚਾਹਵਾਨ ਨਹੀਂ ਹੈ ਇਸ ਸਬੰਧੀ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਜਾਂ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਸੂਚਨਾ ਦਿੱਤੀ ਜਾਵੇ ਤਾਂ ਜੋ ਡਰਾਅ ਲਿਸਟ ਅਨੁਸਾਰ ਅਗਲੇ ਕਿਸਾਨਾਂ ਨੂੰ ਪਹਿਲ ਦਿੱਤੀ ਜਾ ਸਕੇ।