Connect with us

Punjab

ਵਿਜੀਲੈਂਸ ਵੱਲੋਂ 75 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਫ਼ਰੀਦਕੋਟ ਤੋਂ ਮਹਿਲਾ ਏ.ਐਸ.ਆਈ. ਗ੍ਰਿਫ਼ਤਾਰ

Published

on

  • ਸ਼ਿਕਾਇਤਕਰਤਾ ਦੇ ਪਤੀ ਖ਼ਿਲਾਫ਼ ਸ਼ਿਕਾਇਤ ‘ਤੇ ਕਾਰਵਾਈ ਕਰਨ ਬਦਲੇ 1 ਲੱਖ ਰੁਪਏ ਹੋਰ ਮੰਗ ਰਹੀ ਸੀ ਮਹਿਲਾ ਏ.ਐਸ.ਆਈ.

ਚੰਡੀਗੜ੍ਹ, 3 ਅਗਸਤ 2023:

ਪੰਜਾਬ ਵਿਜੀਲੈਂਸ ਬਿਊਰੋ ਨੇ ਵੂਮੈਨ ਸੈੱਲ, ਫ਼ਰੀਦਕੋਟ ਵਿਖੇ ਤਾਇਨਾਤ ਇੱਕ ਮਹਿਲਾ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਹਰਜਿੰਦਰ ਕੌਰ ਨੂੰ 75,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਏ.ਐਸ.ਆਈ. ਨੂੰ ਮਨਜੀਤ ਕੌਰ ਵਾਸੀ ਪਿੰਡ ਝੱਖੜਵਾਲਾ ਤਹਿਸੀਲ ਜੈਤੋ (ਫ਼ਰੀਦਕੋਟ) ਦੀ ਸ਼ਿਕਾਇਤ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਨੇ 31-07-2030 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 3 ਫਰਵਰੀ, 2016 ਨੂੰ ਗੁਰਸਿਮਰਤ ਸਿੰਘ ਨਾਲ ਹੋਇਆ ਸੀ, ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਦਾ ਨਾਗਰਿਕ ਹੈ। ਉਸਨੇ ਆਪਣੇ ਐਨ.ਆਰ.ਆਈ. ਪਤੀ ਖ਼ਿਲਾਫ਼ ਐਸ.ਐਸ.ਪੀ. ਦਫ਼ਤਰ ਫ਼ਰੀਦਕੋਟ ਵਿਖੇ ਧੋਖਾਧੜੀ ਅਤੇ 60 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਮਾਮਲੇ ਦੀ ਜਾਂਚ ਏ.ਐਸ.ਆਈ. ਹਰਜਿੰਦਰ ਕੌਰ ਨੂੰ ਸੌਂਪੀ ਗਈ ਸੀ।


ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ਏ.ਐਸ.ਆਈ. ਮੁਲਜ਼ਮ ਧਿਰ ਖ਼ਿਲਾਫ਼ ਕਾਰਵਾਈ ਕਰਨ ਲਈ ਉਸ ਕੋਲੋਂ ਰਿਸ਼ਵਤ ਵਜੋਂ 75 ਹਜ਼ਾਰ ਰੁਪਏ ਪਹਿਲਾਂ ਹੀ ਲੈ ਚੁੱਕੀ ਹੈ ਅਤੇ ਹੁਣ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਬਦਲੇ 1 ਲੱਖ ਰੁਪਏ ਹੋਰ ਮੰਗ ਰਹੀ ਹੈ। ਉਸ ਨੇ ਸ਼ਿਕਾਇਤ ਨਾਲ ਵਿਜੀਲੈਂਸ ਬਿਊਰੋ ਨੂੰ ਮੁਲਜ਼ਮ ਏ.ਐਸ.ਆਈ. ਦੀਆਂ ਕਾਲ ਰਿਕਾਰਡਿੰਗਾਂ ਵੀ ਸੌਂਪੀਆਂ ਹਨ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੇ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰਬਰ 19 ਮਿਤੀ 02-08-2023 ਦਰਜ ਕਰਨ ਬਾਅਦ ਅੱਜ ਮਹਿਲਾ ਏ.ਐਸ.ਆਈ. ਹਰਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।