Punjab
ਵਿੱਤ ਤੇ ਯੋਜਨਾ ਵਿਭਾਗ ਦੀਆਂ ਮਹਿਲਾਂ ਮੁਲਾਜ਼ਮਾਂ ਵੱਲੋਂ ਧੂਮਧਾਮ ਨਾਲ ਮਨਾਇਆ ‘ਤੀਆਂ ਦਾ ਤਿਓਹਾਰ’
ਸਾਉਣ ਦਾ ਮਹੀਨਾ ਪੰਜਾਬੀ ਸਭਿਆਚਾਰ ਵਿਚ ਖਾਸ ਮਹੱਤਵ ਰੱਖਦਾ ਹੈ। ਇਹਨੀਂ ਦਿਨੀਂ ਕੁੜੀਆਂ ਮਹਿੰਦੀ ਲਵਾਉਂਦੀਆਂ ਹਨ, ਪੀਂਘਾਂ ਝੂਟਦੀਆਂ ਹਨ ਅਤੇ ਨੱਚ-ਟੱਪ ਕੇ ਆਪਣੇ ਮਨ ਦੇ ਵਲਵਲੇ ਪ੍ਰਗਟਾਉਂਦੀਆਂ ਹਨ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਵਿੱਤ ਤੇ ਯੋਜਨਾ ਭਵਨ, ਸੈਕਟਰ 33, ਚੰਡੀਗੜ੍ਹ ਦੀਆਂ ਮਹਿਲਾ ਮੁਲਾਜ਼ਮਾਂ ਵੱਲੋਂ ਪੂਰੀ ਧੂਮ-ਧਾਮ ਨਾਲ ਤੀਆਂ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਕਰਮਚਾਰਣਾਂ ਨੇ ਰਵਾਇਤੀ ਅਤੇ ਗੂੜ੍ਹੇ ਰੰਗਾਂ ਦੇ ਪਹਿਰਾਵੇ ਪਾਕੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇੱਕ ਪੰਜਾਬੀ ਸੱਭਿਆਚਾਰਕ ਕਾਰਨਰ ਵੀ ਸਥਾਪਿਤ ਕੀਤਾ ਗਿਆ ਸੀ, ਜਿਸ ਵਿੱਚ ਵੰਗਾਂ, ਗਹਿਣੇ, ਸ਼ਿੰਗਾਰ ਸਮੱਗਰੀ ਅਤੇ ਮਹਿੰਦੀ ਵਰਗੀਆਂ ਸਟਾਲਾਂ ਲਗਾਈਆਂ ਗਈਆਂ, ਜਿਸ ਨਾਲ ਇਸ ਸਮਾਗਮ ਨੂੰ ਚਾਰ ਚੰਦ ਲੱਗ ਗਏ।
ਸਮਾਗਮ ਦੀਆਂ ਮੁੱਖ ਝਲਕੀਆਂ ਵਿੱਚ ਪੰਜਾਬੀ ਲੋਕ ਨਾਚ, ਲੋਕ ਗਾਇਕੀ, ਗਿੱਧਾ, ਟੱਪੇ, ਸਿੱਠਣੀਆਂ ਸ਼ਾਮਲ ਸਨ। ਕੁੜੀਆਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਬੋਲੀਆਂ “ਭਾਬੋ ਕਹਿੰਦੀ ਐ ਪਿਆਰਾ ਸਿਆਂ ਵੇਲਣਾ ਲਿਆ” , “ਡੱਡੂ ਟੈਂ ਟੈਂ ਕਰਦਾ” , “ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ” ਆਦਿ ਤੇ ਗਿੱਧਾ ਪਾਇਆ। ਸਰਿਤਾ ਵੱਲੋਂ ਸੱਸ-ਨੂੰਹ ਦੀ ਦਸ਼ਾ ਨੂੰ ਦਰਸਾਉਂਦਾ ਲੋਕ ਗੀਤ “ਸੱਸੇ ਲੜਿਆ ਨਾ ਕਰ, ਐਵੇਂ ਸੜਿਆ ਨਾ ਕਰ” ਦੀ ਸ਼ਾਨਦਾਰ ਪੇਸ਼ਕਸ਼ ਕੀਤੀ ਗਈ। ਕੁੜੀਆਂ ਵੱਲੋਂ ਸੁਹਾਗ ਗਾਉਂਦੇ ਹੋਏ ਵਿਦਾਈ ਦੀ ਰਸਮ ਦੀ ਪੇਸ਼ਕਾਰੀ ਕੀਤੀ, ਜਿਸ ਤੇ ਹਾਲ ਵਿਚ ਮੌਜੂਦ ਸਮੂਹ ਮਹਿਮਾਨ ਭਾਵੁਕ ਹੋ ਗਏ। ਬੱਚਿਆਂ ਦੇ ਮੰਨੋਰੰਜਨ ਦਾ ਖਾਸ ਧਿਆਨ ਰੱਖਦੇ ਹੋਏ ਉਨ੍ਹਾਂ ਲਈ ਡਰਾਇੰਗ ਅਤੇ ਹੋਰ ਰੰਗਾਂ ਦੀਆਂ ਗਤੀਵਿਧੀਆਂ ਉਲੱਬਧ ਸਨ।
ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਲਈ ਇੱਕ ਫੈਸ਼ਨ ਸ਼ੋਅ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਰਾਊਂਡ ਪੇਸ਼ ਕੀਤੇ ਗਏ। 5 ਕੁੜੀਆਂ ਦੀ ਚੋਣ ਕਰਨ ਉਪਰੰਤ ਇਨ੍ਹਾਂ ਵਿਚ ਬੋਲੀਆਂ, ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸਵਾਲ-ਜਵਾਬ ਅਤੇ ਗਿੱਧਾ/ਭੰਗੜਾ ਦਾ ਮੁਕਾਬਲਾ ਕਰਵਾਇਆ ਗਿਆ। ਸਿਮਰਜੀਤ ਕੌਰ, ਵਧੀਕ ਡਾਇਰੈਕਟਰ ਅਤੇ ਸ਼ਿਵਾਨੀ, ਸਹਾਇਕ ਕੰਟਰੋਲਰ ਨੇ ਇਸ ਮੁਕਾਬਲੇ ਵਿਚ ਬਤੌਰ ਜੱਜ ਸੇਵਾ ਨਿਭਾਈ। ਇਸ ਮੁਕਾਬਲੇ ਵਿਚ ਸ਼ਾਨਦਾਰ ਪੇਸ਼ਕਾਰੀ ਕਰਨ ਵਾਲੀ ਸੁਖਜੀਤ ਕੌਰ ਨੂੰ ਮਿਸ ਤੀਜ ਚੁਣਿਆ ਗਿਆ ਜਦਕਿ ਜਸਪ੍ਰੀਤ ਕੌਰ ਅਤੇ ਹਰਮਨ ਰਨਰ-ਅੱਪ ਰਹੇ।
ਇਸ ਮੌਕੇ ਵਧੀਕ ਡਾਇਰੈਕਟਰ ਸਿਮਰਜੀਤ ਕੌਰ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਤਿਉਹਾਰ ਮਨਾਉਣ ਨਾਲ ਨਾ ਸਿਰਫ਼ ਖੁਸ਼ੀ ਮਿਲਦੀ ਹੈ, ਸਗੋਂ ਹੌਲੀ-ਹੌਲੀ ਅਲੋਪ ਹੋ ਰਹੇ ਪਹਿਰਾਵੇ ਅਤੇ ਰੀਤੀ-ਰਿਵਾਜਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਮਿਲਦੀ ਹੈ। ਇਸ ਸਮਾਗਮ ਦੇ ਪ੍ਰਬੰਧਕ ਹਰਦੀਪ ਕੌਰ, ਰਣਜੀਤ ਕੌਰ, ਮੋਨਿਕਾ, ਸਰਿਤਾ ਅਤੇ ਇਮਨਿੰਦਰ ਕੌਰ ਨੇ ਸਾਰੇ ਮਹਿਮਾਨਾਂ ਨੂੰ ਤੋਹਫੇ ਦੇਕੇ ਉਨ੍ਹਾਂ ਦਾ ਧੰਨਵਾਦ ਕੀਤਾ।