International
ਜਾਣੋ UAE ਕਿਨ੍ਹਾਂ ਵਿਦਿਆਰਥੀਆਂ ਨੂੰ ਦੇਵੇਗਾ 10 ਸਾਲ ਦਾ ਵੀਜ਼ਾ

ਸੰਯੁਕਤ ਅਰਬ ਅਮੀਰਾਤ ਨੇ ਹਾਈ ਸਕੂਲ ਸਰਟੀਫਿਕੇਟ ਵਿਚ ਕਿਸੇ ਵੀ ਸਕੂਲ ਤੋਂ 95 ਫ਼ੀਸਦੀ ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ 10 ਸਾਲ ਦਾ ਗੋਲਡਨ ਰੈਜ਼ੀਡੈਂਸੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਦੇਸ਼ ਜਾਂ ਦੇਸ਼ ਦੇ ਬਾਹਰ ਦੇ ਯੂਨੀਵਰਸਿਟੀ ਦੇ ਵਿਸ਼ੇਸ਼ ਵਿਸ਼ਿਆਂ ਦੇ ਅਜਿਹੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ 3.75 ਜਾਂ ਇਸ ਤੋਂ ਜ਼ਿਆਦਾ ਗ੍ਰੇਡ ਪੁਆਇੰਟ ਐਵਰੇਜ ਹਾਸਲ ਕੀਤੇ ਹਨ, ਉਨ੍ਹਾਂ ਨੂੰ ਵੀ ਗੋਲਡਨ ਵੀਜ਼ਾ ਦਿੱਤਾ ਜਾਏਗਾ। ਇਸ ਵੀਜ਼ੇ ਵਿਚ ਵਿਦਿਆਰਥੀ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਣਗੇ। ਯੂ.ਏ.ਈ. ਵੱਲੋਂ ਗੋਲਡਨ ਵੀਜ਼ਾ ਸਿਰਫ਼ ਨਿਵੇਸ਼ਕਾਂ ਨੂੰ ਦਿੱਤਾ ਜਾਂਦਾ ਰਿਹਾ ਹੈ। ਦੁਬਈ ਦੇ ਹਾਰਟਲੈਂਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਫੀਓਨਾ ਕੋਟਮ ਨੇ ਕਿਹਾ ਕਿ ਇਸ ਫੈਸਲੇ ਨਾਲ ਸਭ ਤੋਂ ਮਿਹਨਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਮਿਲੀ ਹੈ।
ਸ੍ਰੀਮਤੀ ਕੋਟਮ ਨੇ ਕਿਹਾ, “ਇਹ ਇਕ ਵੱਡੀ ਮਾਨਤਾ ਹੈ, ਇਹ ਪਰਿਵਾਰਾਂ ਲਈ ਜਰੂਰੀ ਹੈ।” ਪਿਛਲੇ ਹਫ਼ਤੇ ਮਨੁੱਖੀ ਸੰਸਾਧਨ ਮੰਤਰਾਲਾ ਤੇ ਅਮੀਰਾਤ ਦੇ ਅਧਿਕਾਰੀਆਂ ਨੇ ਕੁੱਝ ਵੇਰਵੇ ਨਿਰਧਾਰਤ ਕੀਤੇ ਹਨ ਕਿ ਜੋ ਮਾਪੇ ਬੱਚਿਆਂ ਵੱਲੋਂ ਸਪਾਂਸਰ ਕੀਤੇ ਜਾਂਦੇ ਹਨ ਉਹ ਗੋਲਡਨ ਵੀਜ਼ਾ ’ਤੇ ਨੌਕਰੀ ਕਿਵੇਂ ਬਦਲ ਸਕਦੇ ਹਨ। ਤਾਲੀਮ ਦੇ ਮੁੱਖ ਕਾਰਜਕਾਰੀ ਏਲਨ ਵਿਲੀਅਮਸਨ, ਜੋ ਅਮੀਰਾਤ ਵਿਚ 13 ਸਕੂਲ ਚਲਾਉਂਦੇ ਹਨ, ਨੇ ਕਿਹਾ ਕਿ ਵੀਜ਼ਾ ਸਾਡੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦਾ ਇਕ ਰੋਮਾਂਚਕ ਮੌਕਾ ਹੈ। ਸਪੱਸ਼ਟ ਤੌਰ ’ਤੇ ਸਰਕਾਰ ਦੀ ਇਹ ਪੇਸ਼ਕਸ਼ ਇਹ ਯਕੀਨੀ ਕਰੇਗੀ ਕਿ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਨ ਤੋਂ ਬਾਅਦ ਵਿਦਿਆਰਥੀ ਸੰਯੁਕਤ ਅਰਬ ਅਮੀਰਾਤ ਵਾਪਸ ਆ ਜਾਣਗੇ।