Sports
ਜਾਣੋ ਕਿਉਂ ਟਵਿੱਟਰ ਨੇ ਇੰਗਲੈਂਡ ਦੇ ਫੁੱਟਬਾਲ ਖਿਡਾਰੀਆਂ ਖ਼ਿਲਾਫ਼ 1000 ਨਸਲਵਾਦੀ ਪੋਸਟਾਂ ਨੂੰ ਕੀਤਾ ਡਿਲੀਟ

ਯੂਕੇ ਭਰ ਵਿੱਚ ਇੰਗਲੈਂਡ ਦੀ ਫੁੱਟਬਾਲ ਟੀਮ ਦੇ ਕਾਲੇ ਮੂਲ ਦੇ ਖਿਡਾਰੀਆਂ ਖ਼ਿਲਾਫ਼ ਆਨਲਾਈਨ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਦੀ ਆਲੋਚਨਾ ਹੋਣ ਦੇ ਬਾਅਦ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ 24 ਘੰਟਿਆਂ ਵਿੱਚ ਇੰਗਲੈਂਡ ਦੇ ਖਿਡਾਰੀਆਂ ਪ੍ਰਤੀ 1000 ਤੋਂ ਵੱਧ ਨਸਲਵਾਦੀ ਪੋਸਟਾਂ ਨੂੰ ਮਿਟਾ ਦਿੱਤਾ ਹੈ। ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀ ਮਾਰਕੋਸ ਰਾਸ਼ਫੋਰਡ, ਬੁਕਾਯੋ ਸਾਕਾ ਅਤੇ ਜੈਡਨ ਸੈਂਚੋ ਯੂਰੋ ਕੱਪ ਦੇ ਫਾਈਨਲ ਵਿੱਚ ਹਾਰ ਦੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਏ ਹਨ। ਬਰਤਾਨੀਆ ਦੇ ਪ੍ਰਿੰਸ ਵਿਲੀਅਮ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਣੇ ਕਈ ਹੋਰ ਸ਼ਖਸੀਅਤਾਂ ਨੇ ਇਹਨਾਂ ਨਸਲੀ ਸ਼ਾਬਦਿਕ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਇਸ ਸਬੰਧ ਵਿੱਚ ਟਵਿੱਟਰ ਨੇ ਕਾਰਵਾਈ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਟਵਿੱਟਰ ਨੇ 1000 ਤੋਂ ਵੱਧ ਨਸਲੀ ਟਵੀਟ ਹਟਾਏ ਹਨ ਤੇ ਇਸ ਦੀ ਨੀਤੀ ਦੀ ਉਲੰਘਣਾ ਕਰਨ ਵਾਲੇ ਕਈ ਖਾਤਿਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਫੇਸਬੁੱਕ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਦੁਰਵਿਵਹਾਰ ਦੇ ਬਾਅਦ ਕੁਮੈਂਟਾਂ ਦੇ ਨਾਲ ਖਾਤੇ ਵੀ ਹਟਾ ਦਿੱਤੇ ਗਏ ਹਨ ਤੇ ਇਹ ਕਾਰਵਾਈ ਜਾਰੀ ਰਹੇਗੀ।