Connect with us

Punjab

ਕਪੂਰਥਲਾ ਜ਼ਿਲ੍ਹੇ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਹੋਇਆ ਸਿਹਤਯਾਬ, ਕੇਕ ਕੱਟ ਘਰ ਨੂੰ ਕੀਤਾ ਰਵਾਨਾ

Published

on

  • ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੇ ਅਫ਼ਜਲ ਨੂੰ ਦਿੱਤੀ ਵਿਦਾਈ
  • ਦੂਸਰੀ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਅਫ਼ਜਲ ਸ਼ੇਖ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਕਪੂਰਥਲਾ, 20 ਅਪ੍ਰੈਲ : ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਪਿਛਲੇ 16 ਦਿਨਾਂ ਤੋਂ ਦਾਖ਼ਲ ਤਬਲੀਗੀ ਜਮਾਤ ਨਾਲ ਸਬੰਧਤ ਕੋਰੋਨਾ ਪਾਜ਼ੀਟਿਵ ਮਰੀਜ਼ ਅਫ਼ਜਲ ਸ਼ੇਖ ਦੀ ਅੱਜ ਦੂਜੀ ਕੋਰੋਨਾ ਟੈਸਟ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ। 18 ਅਪ੍ਰੈਲ ਨੂੰ ਉਸ ਦੀ ਪਹਿਲੀ ਟੈਸਟ ਰਿਪੋਰਟ ਨੈਗੇਟਿਵ ਆਈ ਸੀ। ਸਿਹਤਯਾਬ ਹੋਣ ’ਤੇ ਅਫ਼ਜਲ ਨੂੰ ਵਿਦਾਅ ਕਰਨ ਮੌਕੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਸਿਵਲ ਸਰਜਨ ਡਾ. ਜਸਮੀਤ ਬਾਵਾ ਤੇ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਵੱਲੋਂ ਅਫ਼ਜ਼ਲ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਨੂੰ ਵਧਾਈ ਦਿੰਦਿਆਂ ਉਸ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਅਫ਼ਜਲ ਸ਼ੇਖ ਬੇਹੱਦ ਉਤਸ਼ਾਹਿਤ ਦਿਖਾਈ ਦਿੱਤਾ। ਇਸ ਮੌਕੇ ਉੱਚ ਅਧਿਕਾਰੀਆਂ ਵੱਲੋਂ ਉਸ ਨੂੰ ਤੋਹਫ਼ੇ ਵਜੋਂ ਕੇਕ ਵੀ ਭੇਟ ਕੀਤਾ ਗਿਆ। ਉਸ ਨੇ ਕਿਹਾ ਕਿ ਉਹ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰੇਗਾ ਤਾਂ ਜੋ ਉਹ ਇਸ ਬਿਮਾਰੀ ਤੋਂ ਬਚਾਅ ਕਰ ਸਕਣ। ਜ਼ਿਕਰਯੋਗ ਹੈ ਕਿ ਅਫਜਲ ਨੂੰ 14 ਦਿਨਾਂ ਲਈ ਸੈਨਿਕ ਰੈਸਟ ਹਾੳੂਸ ਵਿਖੇ ਏਕਾਂਤਵਾਸ ਵਿਚ ਰੱਖਿਆ ਜਾਵੇਗਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਵੱਲੋਂ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਦੂਸਰੀ ਮਰੀਜ਼ ਨੀਤੂ ਚੌਹਾਨ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਵੀ ਅਫ਼ਜਲ ਵਾਂਗ ਜਲਦ ਹੀ ਸਿਹਤਯਾਬ ਹੋ ਕੇ ਘਰ ਵਾਪਸ ਪਰਤੇਗੀ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਦੋਹਾਂ ਹੀ ਮਰੀਜ਼ਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ ਅਤੇ ਦੋਵਾਂ ਵੱਲੋਂ ਪੂਰੀ ਸੰਤੁਸ਼ਟੀ ਜਤਾਈ ਗਈ ਹੈ।