Connect with us

Punjab

ਖਰੜ ਹਲਕੇ ਲਈ ਜਲਦੀ ਹੀ ਪੰਜ ਪੁਲਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ: ਅਨਮੋਲ ਗਗਨ ਮਾਨ

Published

on

ਐਸ ਏ ਐਸ ਨਗਰ/ ਚੰਡੀਗੜ੍ਹ:

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਜ਼ਿਲ੍ਹਾ ਐਸਏਐਸ ਨਗਰ ਦੇ ਹਲਕਾ ਖਰੜ ਦੇ ਪਿੰਡ ਤੋਗਾਂ ਅਤੇ ਮਾਜਰੀ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿੱਚ ਪਹੁੰਚ ਪਹਿਲਵਾਨਾਂ ਨੂੰ ਖੇਡ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ। ਇਹ ਕੁਸ਼ਤੀ ਮੁਕਾਬਲੇ ਜੈ ਬਾਬਾ ਗੁੱਗਾ ਮੈੜੀ ਜਾਹਰਵੀਰ ਮੈਨੇਜਿੰਗ ਕਮੇਟੀ ਰਜਿ.ਪਿੰਡ ਤੋਗਾਂ ਅਤੇ ਮਾਜਰੀ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ । ਕੁਸ਼ਤੀ ਮੁਕਾਬਲਿਆਂ ‘ਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ। ਕੈਬਨਿਟ ਮੰਤਰੀ ਦਾ ਕੁਸ਼ਤੀ ਮੁਕਾਬਲਿਆਂ ਵਿੱਚ ਪਹੁੰਚਣ ਤੇ ਉਥੋਂ ਦੇ ਨਗਰ ਨਿਵਾਸੀਆਂ ਅਤੇ ਮੌਜੂਦ ਨੌਜਵਾਨਾ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਉਪਰੰਤ ਮੈਡਮ ਅਨਮੋਲ ਗਗਨ ਮਾਨ ਵੱਲੋਂ ਪਹਿਲਵਾਨਾਂ ਦੀ ਹੱਥਜੋੜੀ ਕਰਵਾ ਕੇ ਮੁਕਾਬਲੇ ਸ਼ੁਰੂ ਕਰਵਾਏ ਗਏ । 

ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਵੱਲੋਂ ਹਲਕਾ ਨਿਵਾਸੀਆਂ ਨੂੰ ਅਜਿਹੀ ਖੇਡ ਮੁਕਾਬਲੇ ਕਰਾਉਣ ਵਾਲੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਪਿੰਡ ਤੌਗਾਂ ਵੱਲੋਂ ਉਨਾਂ ਨੂੰ ਜੋ ਟਿਊਬਲ ਲਗਾਉਣ ਦੀ ਮੰਗ ਦਿੱਤੀ ਗਈ ਹੈ ਉਹ ਜਲਦੀ ਹੀ ਪੁਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਪੰਜ ਪੁਲਾਂ ਨੂੰ ਬਣਾਉਣ ਲਈ ਪ੍ਰਵਾਨਗੀ ਸਰਕਾਰ ਵੱਲੋਂ ਜਲਦੀ ਹੀ ਪ੍ਰਾਪਤ ਹੋ ਜਾਵੇਗੀ। ਉਨ੍ਹਾਂ ਕਿਹਾ ਸੂਬਾ ਸਰਕਾਰ ਵੱਲੋਂ ਵੱਧ ਤੋਂ ਵੱਧ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ। 

ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਭਿਆਨਕ ਅਲਾਮਤਾਂ ਨੂੰ ਛੱਡ ਕੇ ਕੁਸ਼ਤੀ ਅਤੇ ਹੋਰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਚੰਗੇ ਖਿਡਾਰੀ ਬਣ ਕੇ ਆਪਣੇ ਮਾਪਿਆਂ, ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਕੈਬਨਿਟ ਮੰਤਰੀ ਨੇ ਕਿਹਾ ਕਿ ਘੋਲ ਕੁਸ਼ਤੀਆਂ ਪੰਜਾਬ ਦਾ ਅਨਮੋਲ ਵਿਰਸਾ ਹਨ ਤੇ ਛਿੰਝ, ਮੇਲੇ, ਅਤੇ ਅਖਾੜੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ।  ਇਸੇ ਦੋਰਾਨ ਕੁਸ਼ਤੀ ਦੰਗਲ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਜੇਤੂ ਪਹਿਲਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਐੱਸਡੀਐੱਮ ਖਰੜ ਰਵਿੰਦਰ ਸਿੰਘ, ਰਵੀ ਰਾਣਾ ਤੋਗਾਂ, ਅੰਕਿਤ ਸਿਧਾਣਾ ਐਮਡੀ,ਰਘਬੀਰ ਸਿੰਘ ਬਡਾਲਾ, ਸੂਰਜ ਭਾਨ ਗੋਇਲ, ਸੁਖਵਿੰਦਰ ਸਿੰਘ ਬਿੱਟੂ, ਨਿਤਾਸ਼ਾ ਜੋਸ਼ੀ ਤੋਂ ਇਲਾਵਾ ਵਲੰਟੀਅਰ ਹਾਜ਼ਰ ਸਨ।