National
BREAKING: ਸਿੱਕਮ ‘ਚ ਬੱਦਲ ਫਟਣ ਕਾਰਨ ਆਇਆ ਹੜ੍ਹ, 23 ਜਵਾਨ ਲਾਪਤਾ

ਸਿੱਕਮ 4ਅਕਤੂਬਰ 2023: ਸਿੱਕਮ ‘ਚ ਬੁੱਧਵਾਰ ਨੂੰ ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ ‘ਚ ਅਚਾਨਕ ਹੜ੍ਹ ਆ ਗਿਆ ਹੈ ਦੱਸ ਦੇਈਏ ਕਿ ਹੜ੍ਹ ਆਉਣ ਕਾਰਨ 23 ਫੌਜੀ ਜਵਾਨ ਲਾਪਤਾ ਹੋ ਗਏ। ਰੱਖਿਆ ਪੀਆਰਓ ਅਨੁਸਾਰ ਅੱਜ ਸਵੇਰੇ ਲੋਨਾਕ ਝੀਲ ਉੱਤੇ ਬੱਦਲ ਫਟਣ ਕਾਰਨ ਲਾਚੇਨ ਘਾਟੀ ਵਿੱਚ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ।
ਦਰਿਆ ਦੇ ਨਾਲ ਲੱਗਦੇ ਇਲਾਕੇ ਵਿੱਚ ਫੌਜ ਦਾ ਕੈਂਪ ਸੀ, ਜੋ ਹੜ੍ਹ ਦੀ ਮਾਰ ਹੇਠ ਆ ਕੇ ਰੁੜ੍ਹ ਗਿਆ। ਗੁਹਾਟੀ ਦੇ ਰੱਖਿਆ ਪੀਆਰਓ ਨੇ ਕਿਹਾ- ਅਚਾਨਕ ਪਾਣੀ ਵਧਣ ਕਾਰਨ ਚੁੰਗਥਾਂਗ ਡੈਮ ਤੋਂ ਪਾਣੀ ਛੱਡਣਾ ਪਿਆ। ਇਸ ਤੋਂ ਬਾਅਦ ਤੀਸਤਾ ਨਦੀ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ‘ਚ ਪਾਣੀ ਅਚਾਨਕ 15-20 ਫੁੱਟ ਤੱਕ ਵੱਧ ਗਿਆ। ਇੱਥੇ ਸਿੰਗਟਾਮ ਨੇੜੇ ਬਾਰਦਾਂਗ ਵਿਖੇ ਖੜ੍ਹੀਆਂ ਫੌਜ ਦੀਆਂ ਗੱਡੀਆਂ ਡੁੱਬ ਗਈਆਂ।
ਬਚਾਅ ਕਾਰਜ ਜਾਰੀ ਹੈ
ਗੁਹਾਟੀ ਦੇ ਰੱਖਿਆ ਪੀਆਰਓ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲਾਪਤਾ ਫੌਜੀ ਜਵਾਨਾਂ ਦੀ ਭਾਲ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 16 ਜੂਨ ਨੂੰ ਵੀ ਸਿੱਕਮ ਵਿੱਚ ਬੱਦਲ ਫਟ ਗਏ ਸਨ। ਇੱਥੇ ਪਾਕਯੋਂਗ ਵਿੱਚ ਜ਼ਮੀਨ ਖਿਸਕਣ ਅਤੇ ਫਿਰ ਬੱਦਲ ਫਟਣ ਕਾਰਨ ਘਰਾਂ ਵਿੱਚ ਪਾਣੀ ਭਰ ਗਿਆ। ਇਸ ਨਾਲ ਕਈ ਲੋਕ ਪ੍ਰਭਾਵਿਤ ਹੋਏ ਹਨ।