Connect with us

Punjab

ਸਿੱਖਾਂ ਦੇ ਜਬਰੀ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਪ੍ਰੋ. ਬਡੂੰਗਰ

Published

on

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ  ਸਿੱਖਾਂ ਦੇ ਕਰਵਾਏ ਜਾ ਰਹੇ ਜਬਰੀ ਧਰਮ ਪਰਿਵਰਤਨ ਦੀ ਨਿਖੇਧੀ ਕੀਤੀ ਹੈ।ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਧਰਮ ਇਕ ਪੁਰਾਤਨ ਤੇ ਸੰਪੂਰਨ ਧਰਮ ਹੈ  ਜਿਸ ਵਿੱਚ ਸਾਰੇ ਵਿਸ਼ਵ ਦੀ ਲੁਕਾਈ ਕਲਿਆਣ ਲਈ ਹੈ ਤੇ ਅਜਿਹੇ ਧਰਮ ਨੂੰ ਛੱਡ ਕੇ ਜਾਣਾ ਸਿੱਖਾਂ ਦੀ ਆਪਣੀ ਹੀ ਬਦਕਿਸਮਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ ਅਤੇ ਸਮੁੱਚੀਆਂ ਧਾਰਮਿਕ ਜਥੇਬੰਦੀਆਂ, ਸਿੱਖ ਸੰਪਰਦਾਵਾਂ ਨੂੰ ਇਸ ਮਾਮਲੇ ਤੇ ਇਕੱਤਰ ਹੋ ਕੇ ਸੁਚੇਤ ਹੋਣਾ ਪਵੇਗਾ ਕਿ ਆਖ਼ਿਰ ਅਜਿਹੀਆਂ ਕਿਹੜੀਆਂ ਤਾਕਤਾਂ ਹਨ ਜੋ ਸਿੱਖਾਂ ਨੂੰ ਜਬਰੀ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਹੀਆਂ ਹਨ । ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਜਬਰੀ ਧਰਮ ਪਰਿਵਰਤਨ ਕਰਵਾਏ ਜਾਣ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । 

ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਇਹ ਸਿੱਖ ਧਰਮ ਪਰਿਵਰਤਨ ਦਾ ਮਾਮਲਾ  ਪੰਜਾਬ ਦੇ  ਬਾਰਡਰ ਖੇਤਰਾਂ ਵਿਚ ਪਾਇਆ ਜਾ ਰਿਹਾ ਹੈ ਤੇ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਰੋਕਣ ਲਈ ਸੁਚੱਜੇ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਸਾਡਾ ਆਪਣਾ ਫ਼ਰਜ਼ ਬਣਦਾ ਹੈ ਕਿ ਸਿੱਖਾਂ ਨੂੰ ਸੁਚੇਤ ਹੋ ਕੇ ਆਪਣੇ ਧਰਮ ਨਾਲ ਜੋੜੇ ਰੱਖਿਆ ਜਾਵੇ ਤੇ  ਕਿਸੇ ਵੀ ਲਾਲਚ ਵਿੱਚ ਨਾ ਆ ਕੇ ਆਪਣੇ ਸਿੱਖ ਧਰਮ ਤੇ ਮਾਣ ਕਰਦੇ ਹੋਏ  ਧਰਮ ਪਰਿਵਰਤਨ ਕੀਤੇ ਹੋਏ ਸਿੱਖਾਂ ਨੂੰ ਵੀ ਮੁੜ ਸਿੱਖੀ ਦੀ ਵਿਚਾਰਧਾਰਾ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ  ।

ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੁਚੱਜੇ  ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਕੁਝ ਅਜਿਹੀਆਂ ਤਾਕਤਾਂ ਹਨ ਜੋ ਸਿੱਖਾਂ ਨੂੰ ਆਪਣੇ ਧਰਮ ਨਾਲੋਂ ਤੋੜਨਾ ਚਾਹੁੰਦੀਆਂ ਹਨ ਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਲਾਲਚ ਦੇ ਕੇ ਸਿੱਖਾਂ ਨੂੰ ਆਪਣੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਹੈ  ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ  ।