Corona Virus
ਸ਼ਾਹੀ ਸ਼ਹਿਰ ਵੀ ਹੁਣ ਕੋਰੋਨਾ ਦੀ ਚਪੇਟ ‘ਚ

ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਹੁਣ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਵੀ ਇਸ ਦਾ ਕਹਿਰ ਜਾਰੀ ਹੈ। ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਵੱਧਦੀ ਜਾ ਰਹੀ ਹੈ। ਹੁਣ 4 ਹੋਰ ਕੇਸ ਸਾਹਮਣੇ ਆਏ ਹਨ। ਜਿੱਥੇ 50 ਸਾਲਾ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਉਹ ਇੱਕ ਪ੍ਰਸਿੱਧ ਬੁੱਕ ਵਿਕਰੇਤਾ ਹੈ ਅਤੇ ਬਾਜ਼ਾਰ ‘ਚ ਦੁਕਾਨ ਚਲਾਉਂਦਾ ਹੈ। ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਵਿਅਕਤੀ ਦੇ ਸੈਂਪਲ ਬੀਤੇ ਦਿਨੀਂ ਬੁੱਧਵਾਰ ਨੂੰ ਲਏ ਗਏ ਸਨ ਅਤੇ ਅੱਜ ਵੀਰਵਾਰ ਨੂੰ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਡਾ. ਮਲਹੋਤਰਾ ਨੇ ਕਿਹਾ, “ਸਫ਼ਾਬਾਦੀ ਗੇਟ ਵਾਸੀ ਦੀ ਸੰਪਰਕ ‘ਚ ਆਏ ਲੋਕਾਂ ਦੀ ਲਗਾਤਾਰ ਭਾਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਅੱਜ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਹੈ, ਉਹ ਵਿਅਕਤੀ ਲਗਾਤਾਰ ਉਸ ਦੇ ਸੰਪਰਕ ‘ਚ ਸੀ ਅਤੇ ਦੋਵੇ ਇੱਕ-ਦੂਜੇ ਨੂੰ ਕਈ ਵਾਰ ਮਿਲੇ ਸਨ।”
ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ‘ਚ ਦਾਖ਼ਲ ਕੀਤਾ ਗਿਆ ਹੈ। ਉਸ ਦੀ ਪਤਨੀ ਅਤੇ ਦੋ ਬੱਚਿਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ। ਇਸਦੇ ਨਾਲ ਹੀ ਰਾਜਪੁਰਾ ਤੋਂ ਇੱਕ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਦੋਵੇਂ ਲਾਕਡਾਊਨ ਦੌਰਾਨ ਕਰਫ਼ਿਊ ਪਾਸ ‘ਤੇ ਬੀਤੀ 10 ਅਪ੍ਰੈਲ ਨੂੰ ਜ਼ੀਰਕਪੁਰ ਵਿਖੇ ਕਿਤਾਬਾਂ ਦੀ ਸਪਲਾਈ ਕਰਨ ਆਏ ਸਨ।