Connect with us

National

ਪਹਾੜਾਂ ‘ਚ ਹੋਈ ਤਾਜ਼ਾ ਬਰਫ਼ਬਾਰੀ ਨੇ ਖਿੜਾਏ ਕਿਸਾਨਾਂ ਦੇ ਚਿਹਰੇ

Published

on

ਇਕ ਵਾਰ ਫਿਰ ਤੋਂ ਮੌਸਮ ਦੇ ਕਰਵਟ ਲੈਣ ਮਗਰੋਂ ਮੈਦਾਨੀ ਇਲਾਕਿਆਂ ‘ਚ ਗਰਜ ਚਮਕ ਨਾਲ ਬਾਰਿਸ਼ ਹੋਈ ਅਤੇ ਦੂਜੇ ਪਾਸੇ ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫਬਾਰੀ ਹੋਈ ਜਿਸ ਵਿਚ ਪ੍ਰਮੁੱਖ ਸੈਲਾਨੀ ਕੇਂਦਰ ਵੀ ਸ਼ਾਮਲ ਹਨ।

ਮੌਸਮ ਵਿਭਾਗ ਅਨੁਸਾਰ ਸ਼ਿਮਲਾ, ਕੁੱਲੂ, ਕਿਨੌਰ, ਲਾਹੌਲ ਅਤੇ ਸਪਿਤੀ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਬਰਫ਼ਬਾਰੀ ਹੋਈ। ਸ਼ਿਮਲਾ ਜ਼ਿਲ੍ਹੇ ਦੇ ਸੈਰ-ਸਪਾਟਾ ਕੇਂਦਰ ਨਾਰਕੰਡਾ ਅਤੇ ਕੁਫਰੀ, ਚੰਬਾ ਦੇ ਡਲਹੌਜ਼ੀ ਅਤੇ ਕੁੱਲੂ ਦੇ ਮਨਾਲੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਵੀ ਬਰਫ ਪਈ। ਮੰਡੀ ਜ਼ਿਲੇ ਦੇ ਸੇਰਾਜ, ਪਰਾਸ਼ਰ, ਸ਼ਿਕਾਰੀ ਅਤੇ ਕਮਰੂਨਾਗ ਵਿਚ ਵੀ ਬਰਫਬਾਰੀ ਦੀਆਂ ਖਬਰਾਂ ਹਨ। ਇਸ ਤਾਜ਼ਾ ਬਰਫ਼ਬਾਰੀ ਕਾਰਨ ਸੈਲਾਨੀਆਂ ਦੀ ਆਮਦ ਵਧ ਸਕਦੀ ਹੈ ਤੇ ਹੋਟਲ ਮਾਲਕਾਂ ਲਈ ਚੰਗੀ ਖਬਰ ਹੈ। ਇਸ ਬਰਫਬਾਰੀ ਨੇ ਸੇਬ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਵੀ ਖਿੜਾ ਦਿੱਤੇ ਹਨ ਕਿਉਂਕਿ ਸੇਬ ਦੀ ਖੇਤੀ ਲਈ ਬਰਫ਼ ਚੰਗੀ ਮੰਨੀ ਜਾਂਦੀ ਹੈ।

ਸ਼ਿਮਲਾ ਨਾਲ ਲੱਗਦੇ ਕੁਫਰੀ ‘ਚ 4 ਸੈਂਟੀਮੀਟਰ ਬਰਫਬਾਰੀ ਹੋਈ। ਸ਼ਿਮਲਾ, ਜੁਬਾਰਹੱਟੀ, ਕਾਂਗੜਾ, ਜੋਤ, ਭੁੰਤਰ, ਪਾਲਮਪੁਰ ਅਤੇ ਸੁੰਦਰਨਗਰ ਵਿੱਚ ਝੱਖੜ ਚੱਲਿਆ ਜਦੋਂਕਿ ਬਿਲਾਸਪੁਰ ਅਤੇ ਮੰਡੀ ਵਿੱਚ ਧੁੰਦ ਛਾਈ ਰਹੀ।

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 6 ਅਤੇ 7 ਫਰਵਰੀ ਨੂੰ ਰਾਜ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ, ਜਿਸ ਨਾਲ ਦ੍ਰਿਸ਼ਟੀ ਘੱਟ ਜਾਵੇਗੀ ਅਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਤਾਜ਼ਾ ਬਰਫ਼ਬਾਰੀ ਨੇ ਹਿਮਾਚਲ ਵਿੱਚ ਸੈਰ-ਸਪਾਟਾ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ ਹੈ। ਸ਼ਿਮਲਾ, ਮਨਾਲੀ, ਧਰਮਸ਼ਾਲਾ ਅਤੇ ਡਲਹੌਜ਼ੀ ਵਰਗੇ ਪ੍ਰਸਿੱਧ ਸੈਰ-ਸਪਾਟਾ ਸਥਾਨ ਸੈਲਾਨੀਆਂ ਨਾਲ ਭਰੇ ਹੋਏ ਹਨ। ਬਰਫ਼ਬਾਰੀ ਦਾ ਆਨੰਦ ਲੈਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਮਨਾਲੀ ਅਤੇ ਅਟਲ ਸੁਰੰਗ ਖੇਤਰ ਪਹੁੰਚ ਰਹੇ ਹਨ। ਹੋਟਲ ਮਾਲਕਾਂ ਨੂੰ ਉਮੀਦ ਹੈ ਕਿ ਇਸ ਸੀਜ਼ਨ ਵਿੱਚ ਉਨ੍ਹਾਂ ਦੀ ਆਮਦਨ ਵਧੇਗੀ।