Connect with us

Punjab

ਪੱਥਰ ਯੁੱਗ ਤੋਂ ਪਰਮਾਣੂ ਯੁੱਗ ਤੱਕ ;ਮਨੁੱਖ ਦੀ ਤਰੱਕੀ ਜਾਂ ਪਤਨ?

Published

on

ਵਿਗਿਆਨ ਨੇ ਬੇਹਿਸਾਬ ਤਰੱਕੀ ਕੀਤੀ ਹੈ। ਮਨੁੱਖ ਘੋੜਾ ਰੇੜ੍ਹੀਆਂ ਤੋਂ ਜਹਾਜਾਂ ਤੱਕ ਪਹੁੰਚ ਗਿਆ ਹੈ। ਸੁੱਖ ਸਹੂਲਤਾਂ ਦਾ ਹਰ ਸਾਜ਼ੋ ਸਾਮਾਨ ਸਾਇੰਸ ਨੇ ਮਨੁੱਖ ਨੂੰ ਮੁਹੱਈਆ ਕਰਵਾਇਆ ਹੈ। ਲੇਕਿਨ ਕਰੋੜਾਂ ਸਾਲ ਪਹਿਲਾਂ ਦਾ ਪਸ਼ੂਪਨ ਵੀ ਮਨੁੱਖ ਦੇ ਅੰਦਰ ਲਗਾਤਾਰ ਤਰੱਕੀ ਕਰਦਾ ਰਿਹਾ ਹੈ। ਸਮਾਜ ਵਿਗਿਆਨੀਆਂ ਦਾ ਮੰਨਣਾ ਹੈ ਕਿ ਤਕਰੀਬਨ ਤਿੰਨ ਕਰੋੜ ਸਾਲ ਪਹਿਲਾਂ ਮਨੁੱਖ ਪਸ਼ੂਆਂ ਤੋਂ ਵੱਖਰਾ ਹੋਇਆ ਤੇ ਚਾਰ ਪੈਰਾਂ ‘ਤੇ ਤੁਰਨਾ ਛੱਡ ਕੇ ਦੋ ਪੈਰਾਂ ‘ਤੇ ਤੁਰਨ ਲੱਗਾ। ਪਸ਼ੂਆਂ ਵਾਂਗ ਵਿਚਰਦਿਆਂ ਮਨੁੱਖ ਦੇ ਅੰਦਰ ਇੱਕ ਦੂਜੇ ਨਾਲ ਲੜਨ ਦੀ ਬ੍ਰਿਤੀ ਸ਼ੁਰੂ ਤੋਂ ਹੀ ਸੀ ਪਰ ਜਦੋਂ ਮਨੁੱਖ ਨੇ ਦੋ ਪੈਰਾਂ ਨੂੰ ਤੁਰਨ ਲਈ ਅਤੇ ਦੋ ਅਗਲੇ ਪੈਰਾਂ ਨੂੰ ਹੋਰ ਕੰਮਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਅਸੀਂ ਬਾਅਦ ਵਿੱਚ ਹੱਥਾਂ ਦਾ ਨਾਮ ਦਿੱਤਾ। ਇਨ੍ਹਾਂ ਹੱਥਾਂ ਨਾਲ ਜਿੱਥੇ ਮਨੁੱਖ ਨੇ ਆਪਣੇ ਖਾਣ ਪਾਨ ਦੀਆਂ ਚੀਜ਼ਾਂ ਬਣਾਉਣੀਆਂ ਤੇ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਉੱਥੇ ਹੀ ਇੱਕ ਦੂਜੇ ਨਾਲ ਲੜਨ ਲਈ ਪੱਥਰਾਂ ਦੇ ਨੁਕੀਲੇ ਹਥਿਆਰ ਬਣਾਉਣੇ ਵੀ ਸ਼ੁਰੂ ਕਰ ਦਿੱਤੇ। ਸਮਾਂ ਪਾ ਕੇ ਮਨੁੱਖ ਨੇ ਖ਼ੇਤੀ ਦੀ ਖੋਜ਼ ਕਰ ਕੇ ਅਨਾਜ ਇਕੱਠਾ ਕਰਨਾ ਸਿੱਖ ਲਿਆ। ਪਹਿਲੀਆਂ ਸਮੂਹਿਕ ਲੜਾਈਆਂ ਅਨਾਜ਼ ਲਈ ਹੋਣ ਲੱਗੀਆਂ। ਪੱਥਰਾਂ ਤੋਂ ਬਾਅਦ ਮਨੁੱਖ ਨੇ ਤੀਰ ਕਮਾਨ ਵਰਗੇ ਹਥਿਆਰ ਖੋਜ਼ ਲਏ। ਸ਼ੁਰੂ ਸ਼ੁਰੂ ਵਿੱਚ ਤੀਰ ਕਾਨੀਆਂ ਨਾਲ ਬਣਾਇਆ ਜਾਂਦਾ ਸੀ ਅਤੇ ਲੋਹੇ ਦੀ ਖੋਜ ਤੋਂ ਬਾਅਦ ਤੀਰ ਅਤੇ ਨੇਜ਼ੇ ਲੋਹੇ ਦੇ ਬਣਨ ਲੱਗੇ ਅਤੇ ਜਿਵੇਂ ਜਿਵੇਂ ਅਨਾਜ਼ ਵਧੇਰੇ ਹੋਣ ਨਾਲ ਸੰਪਤੀ ਇਕੱਠੀ ਕਰਨ ਦਾ ਰੁਝਾਣ ਸ਼ੁਰੂ ਹੋਇਆ ਤਾਂ ਲੜਾਈਆਂ ਦਾ ਸਿਲਸਿਲਾ ਵੀ ਵਧ ਗਿਆ। ਲੋਕ ਕਬੀਲਿਆਂ ਵਿੱਚ ਰਹਿਣ ਲੱਗੇ। ਕਬੀਲਿਆਂ ਦੇ ਮੁਖੀ ਚੁਣੇ ਜਾਣ ਲੱਗੇ। ਮੁਖੀਆਂ ਨੇ ਕੁੱਝ ਨੌਜਵਾਨਾਂ ਨੂੰ ਲੜਨ ਲਈ ਤਿਆਰ ਕਰਕੇ ਸੈਨਾ ਨੂੰ ਹੋਂਦ ਵਿੱਚ ਲਿਆਂਦਾ। ਇਹ ਮੁਖੀ ਸਮਾਂ ਆਉਣ ‘ਤੇ ਰਾਜੇ ਬਣ ਗਏ ਅਤੇ ਲੜਾਈ ਦਾ ਰੂਪ ਬਦਲ ਗਿਆ। ਇੱਥੋਂ ਇੱਕ ਰਾਜੇ ਨੇ ਦੂਜੇ ਰਾਜੇ ਨੂੰ ਹਰਾਉਣ ਲਈ ਤਰ੍ਹਾਂ ਤਰ੍ਹਾਂ ਦੇ ਹਥਿਆਰਾਂ ਨੂੰ ਹੋਂਦ ਵਿੱਚ ਲਿਆਂਦਾ।

ਜਦੋਂ ਮਨੁੱਖ ਪੂਰੀ ਤਰ੍ਹਾਂ ਵਿਕਸਿਤ ਹੋ ਗਿਆ ਤਾਂ ਉਸ ਨੇ ਵਿਗਿਆਨ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ। ਇਸ ਤਰੱਕੀ ਨਾਲ ਮਨੁੱਖ ਜਿੱਥੇ ਆਪਣੀਆਂ ਸੁੱਖ ਸਹੂਲਤਾਂ ਦਾ ਸਾਜ਼ੋ ਸਾਮਾਨ ਤਿਆਰ ਕਰਦਾ ਰਿਹਾ ਉੱਥੇ ਹੀ ਮਨੁੱਖ ਦੀ ਤਬਾਹੀ ਦਾ ਸਾਜ਼ੋ ਸਾਮਾਨ ਵੀ ਈਜਾਦ ਹੁੰਦਾ ਰਿਹਾ। ਪੱਥਰ ਤੋਂ ਮਨੁੱਖ ਤੀਰਾਂ ਤਲਵਾਰਾਂ ਤੱਕ ਪੁੱਜਾ ਤੇ ਤੀਰਾਂ ਤਲਵਾਰਾਂ ਪਿੱਛੋਂ ਮਨੁੱਖ ਨੂੰ ਵਿਗਿਆਨ ਦਾ ਗਿਆਨ ਹੋ ਗਿਆ ਤਾਂ ਮਨੁੱਖ ਨੇ ਮਨੁੱਖ ਨੂੰ ਮਾਰਨ ਲਈ ਬੰਦੂਕਾਂ, ਤੋਪਾਂ ਅਤੇ ਗੋਲੇ ਗੋਲੀਆਂ ਵੀ ਤਿਆਰ ਕਰ ਲਈਆਂ। ਵਿਗਿਆਨ ਦੇ ਖੇਤਰ ਵਿੱਚ ਮਨੁੱਖ ਲਗਾਤਾਰ ਤਰੱਕੀ ਕਰਦਾ ਗਿਆ ਤੇ ਗੱਡੇ ਗੱਡੀਆਂ ਤੋਂ ਜਹਾਜ਼ਾਂ ਰਾਹੀਂ ਸਫ਼ਰ ਕਰਨ ਦੀ ਸੁਵਿਧਾ ਹਾਸਲ ਕਰ ਲਈ। ਇਸਦੇ ਨਾਲ ਹੀ ਮਨੁੱਖ ਨੇ ਪਸ਼ੂ ਬ੍ਰਿਤੀ ਨੂੰ ਵੀ ਨਾਲੋ ਨਾਲ ਹੀ ਵਿਕਸਿਤ ਕੀਤਾ ਅਤੇ ਲੜਨ ਲਈ ਜਿੱਥੇ ਜਹਾਜਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਉੱਥੇ ਹੀ ਬੰਬ ਗੋਲੇ ਤੇ ਮਿਸਾਇਲਾਂ ਵੀ ਮਨੁੱਖ ਨੇ ਮਨੁੱਖ ਨੂੰ ਮਾਰਨ ਲਈ ਬਣਾ ਲਈਆਂ। ਹਿੰਸਕ ਸੋਚ ਦੀ ਤਰੱਕੀ ਇੰਨੀ ਜ਼ਿਆਦਾ ਹੋਈ ਕਿ ਮਨੁੱਖ ਪੱਥਰਾਂ ਦੇ ਹਥਿਆਰਾਂ ਤੋਂ ਪਰਮਾਣੂ ਬੰਬਾਂ ਤੱਕ ਪਹੁੰਚ ਗਿਆ। ਇਨ੍ਹਾਂ ਪਰਮਾਣੂ ਹਥਿਆਰਾਂ ਨਾਲ ਕਿੰਨੀ ਤਬਾਹੀ ਹੋ ਸਕਦੀ ਹੈ ਇਹ ਦੂਜੇ ਵਿਸ਼ਵ ਯੁੱਧ ਵਿੱਚ ਵੇਖਿਆ ਜਾ ਚੁੱਕਾ ਹੈ। ਜਪਾਨ ਦੇ ਨਾਗਾਸਾਕੀ ਤੇ ਹੀਰੋਸ਼ੀਮਾ ਵਿੱਚ ਜੋ ਤਬਾਹੀ ਹੋਈ ਉਸ ਨਾਲ ਪੂਰੀ ਦੁਨੀਆਂ ਹਿੱਲ ਗਈ ਸੀ। ਹੁਣ ਮਨੁੱਖ ਇੱਕੀਵੀਂ ਸਦੀ ਵਿੱਚ ਵਿਚਰ ਰਿਹਾ ਹੈ। ਵਿਗਿਆਨ ਨਾਲ ਮਨੁੱਖ ਨੇ ਬਹੁਤ ਕੁੱਝ ਮਨੁੱਖੀ ਹਿੱਤਾਂ ਲਈ ਖੋਜ਼ ਲਿਆ ਪਰ ਪੱਥਰ ਯੁੱਗ ਦੀ ਹਿੰਸਕ ਬ੍ਰਿਤੀ ਨੂੰ ਛੱਡਣ ਦੀ ਬਜਾਏ ਸਗੋਂ ਉਸ ਬ੍ਰਿਤੀ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ।

ਅਸੀਂ ਆਪਣੀ ਹੋਸ਼ ਵਿੱਚ ਜਿਹੜੇ ਯੁੱਧ ਵੇਖੇ ਹਨ ਉਨ੍ਹਾਂ ਵਿੱਚ ਅਨੇਕਾਂ ਮਨੁੱਖੀ ਜਾਨਾਂ ਗਈਆਂ ਹਨ, ਜਿਨ੍ਹਾਂ ਵਿੱਚ ਇਰਾਨ ਇਰਾਕ਼ ਯੁੱਧ, ਇਜ਼ਰਾਈਲ ਫਲਸਤੀਨ, ਰੂਸ ਯੂਕਰੇਨ ਅਤੇ ਭਾਰਤ ਪਾਕਿ ਦਾ 1971 ਦਾ ਯੁੱਧ, ਸਾਡੀ ਪੀੜ੍ਹੀ ਦੀ ਹੋਸ਼ ਤੋਂ ਪਹਿਲਾਂ 1948 ਦਾ ਭਾਰਤ ਪਾਕਿ ਯੁੱਧ,1962 ਦਾ ਭਾਰਤ ਚੀਨ ਯੁੱਧ ਤੇ ਇਸ ਤੋਂ ਇਲਾਵਾ ਪਾਕਿਸਤਾਨ ਨਾਲ ਭਾਰਤ ਦੇ ਛੋਟੇ ਛੋਟੇ ਅਣਐਲਾਨੇ ਯੁੱਧ ਜਿਵੇਂ ਕਾਰਗਿਲ ਦਾ ਯੁੱਧ ਅਤੇ ਹੁਣ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਕੇ ਭਾਰਤ ਭੇਜ ਕੇ ਨਿਰਦੋਸ਼ ਲੋਕਾਂ ਨੂੰ ਮਰਵਾਉਣ ਦੀ ਵਜ੍ਹਾ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਣਐਲਾਨੀ ਜੰਗ ਚੱਲ ਰਹੀ ਹੈ। ਭਾਰਤ ਇੱਕ Developing country ਹੈ ਪਾਕਿਸਤਾਨ ਨੂੰ Developing country ਵੀ ਨਹੀਂ ਕਿਹਾ ਜਾ ਸਕਦਾ ਉਹ ਤਾਂ ਗ਼ਰੀਬੀ ਦੀ ਰੇਖਾ ਤੋਂ ਵੀ ਹੇਠਾਂ ਜਾ ਚੁੱਕਾ ਦੇਸ਼ ਹੈ। ਇਸ ਸਮੇਂ ਦੋਵੇਂ ਦੇਸ਼ ਇੱਕ ਦੂਜੇ ਉੱਪਰ ਗੋਲੇ ਵਰਸਾ ਰਹੇ ਹਨ। ਇਹ ਲੜਾਈ ਕਦੋਂ ਤੱਕ ਚੱਲੇਗੀ ਪਤਾ ਨਹੀਂ ਪਰ ਇਸ ਲੜਾਈ ਵਿੱਚ ਜਿੱਥੇ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ ਉੱਥੇ ਦੋਵਾਂ ਦੇਸ਼ਾਂ ਨੂੰ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪਵੇਗਾ। ਇਨ੍ਹਾਂ ਜੰਗਾਂ ਪਿੱਛੇ ਵਿਕਸਿਤ ਦੇਸ਼ਾਂ ਦੀ ਗੰਦੀ ਰਾਜਨੀਤੀ ਵੀ ਕੰਮ ਕਰਦੀ ਹੈ। ਵੱਡੀਆਂ ਸ਼ਕਤੀਆਂ developing countries ਨੂੰ ਹਥਿਆਰ ਵੇਚ ਕੇ ਧਨ ਕਮਾਉਂਦੀਆਂ ਹਨ। ਇਸ ਲਈ ਇਹ ਵੱਡੇ ਵਿਕਸਿਤ ਦੇਸ਼ ਚਾਹੁੰਦੇ ਹਨ ਕਿ ਵਿਕਾਸਸ਼ੀਲ ਦੇਸ਼ ਆਪਸ ਵਿੱਚ ਲੜਦੇ ਰਹਿਣ ਤੇ ਉਨ੍ਹਾਂ ਦੀ ਕਮਾਈ ਹੁੰਦੀ ਰਹੇ। ਅਜਿਹੇ ਸਮੇਂ ਵਿੱਚ ਮੀਡੀਆ ਆਪਣਾ ਉਸਾਰੂ ਰਵਈਆ ਅਖਤਿਆਰ ਕਰਕੇ ਮਨੁੱਖੀ ਹਿੱਤ ਵਿੱਚ ਵਧੀਆ ਭੂਮਿਕਾ ਨਿਭਾਅ ਸਕਦਾ ਹੈ ਪਰ ਅਫਸੋਸ ਕਿ ਅਜਿਹਾ ਨਹੀਂ ਹੋ ਰਿਹਾ।

ਪੂਰੇ ਵਿਸ਼ਵ ਦਾ ਮੀਡੀਆ ਤੇ ਖਾਸ ਕਰਕੇ ਭਾਰਤੀ ਮੀਡੀਆ ਦਾ ਯੋਗਦਾਨ ਉਸਾਰੂ ਨਹੀਂ ਮਾਰੂ ਹੈ। ਮੀਡੀਆ ਦਾ ਵੱਡਾ ਹਿੱਸਾ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰ ਰਿਹਾ ਹੈ। ਮੀਡੀਆ ਨੂੰ ਇਸ ਸਮੇਂ ਮਾਨਵਵਾਦੀ ਸੋਚ ਨਾਲ ਪੱਤਰਕਾਰੀ ਕਰਨੀ ਚਾਹੀਦੀ ਹੈ। ਜਿਵੇਂ ਮਨੁੱਖ ਕੌਮਾਂਤਰੀ ਸਿਆਸਤ ਦਾ ਸ਼ਿਕਾਰ ਹੋ ਕੇ ਅਮਾਨਵੀ ਬ੍ਰਿਤੀ ਅਪਣਾ ਕੇ ਮਨੁੱਖਤਾ ਦੀ ਤਬਾਹੀ ਵਾਲੇ ਹਥਿਆਰ ਇੱਕ ਦੂਜੇ ਵਿਰੁੱਧ ਵਰਤ ਰਿਹਾ ਹੈ। ਉਸ ਤੋਂ ਤਾਂ ਇੰਝ ਲੱਗਦਾ ਹੈ ਕਿ ਮਨੁੱਖ ਦੀ ਜਿੱਥੇ ਵਿਗਿਆਨ ਦੇ ਖੇਤਰ ਵਿੱਚ ਤਰੱਕੀ ਹੋਈ ਹੈ ਉੱਥੇ ਹੀ ਮਾਨਵਵਾਦ ਦੇ ਨਜ਼ਰੀਏ ਨਾਲ ਮਨੁੱਖ ਦਾ ਬੇਹਿਸਾਬਾ ਪਤਨ ਹੋਇਆ ਹੈ। ਆਸ ਕਰਦੇ ਹਾਂ ਕਿ ਇਸ ਸਮੇਂ ਭਾਰਤ ਪਾਕਿ ਵਿਚਾਲੇ ਚੱਲ ਰਿਹਾ ਯੁੱਧ ਜਲਦ ਖ਼ਤਮ ਹੋ ਜਾਵੇਗਾ ਅਤੇ ਦੋਵੇਂ ਦੇਸ਼ ਮਾਨਵਵਾਦੀ ਸੋਚ ਅਪਣਾ ਕੇ ਮਿਲ ਬੈਠ ਕੇ ਗੱਲਬਾਤ ਕਰਨਗੇ।

ਕੁਲਵੰਤ ਸਿੰਘ ਗੱਗੜਪੁਰੀ