Connect with us

National

ਤਿਹਾੜ ਜੇਲ੍ਹ ‘ਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਹੋਇਆ ਕਤਲ, ਲੋਹੇ ਦੀ ਗਰਿੱਲ ਨਾਲ ਉਤਾਰਿਆ ਮੌਤ ਦੇ ਘਾਟ

Published

on

ਦਿੱਲੀ ਦੀ ਰੋਹਿਣੀ ਕੋਰਟ ਗੋਲੀ ਕਾਂਡ ਦੇ ਦੋਸ਼ੀ ਟਿੱਲੂ ਤਾਜਪੁਰੀਆ ‘ਤੇ ਅੱਜ ਸਵੇਰੇ ਤਿਹਾੜ ਜੇਲ ‘ਚ ਉਸਦੇ ਵਿਰੋਧੀਆਂ ਨੇ ਕਥਿਤ ਤੌਰ ‘ਤੇ ਹਮਲਾ ਕਰ ਕੇ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਲ੍ਹ ਅਧਿਕਾਰੀਆਂ ਮੁਤਾਬਕ ਇਹ ਘਟਨਾ ਸਵੇਰੇ 6.30 ਵਜੇ ਦੇ ਕਰੀਬ ਵਾਪਰੀ। ਵਿਰੋਧੀਆਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਤਾਜਪੁਰੀਆ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਕ ਸੀਨੀਅਰ ਜੇਲ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਉਰਫ ਟਿੱਲੂ ਤਾਜਪੁਰੀਆ (33) ਨੂੰ ਹਾਈ ਰਿਸਕ ਵਾਰਡ ਦੀ ਹੇਠਲੀ ਮੰਜ਼ਿਲ ‘ਚ ਰੱਖਿਆ ਗਿਆ ਸੀ।

ਕਥਿਤ ਹਮਲਾ ਅੱਜ ਸਵੇਰੇ 6.15 ਵਜੇ ਵਿਰੋਧੀ ਧੜੇ ਦੇ ਗੋਗੀ ਗੈਂਗ ਦੇ ਚਾਰ ਕੈਦੀਆਂ ਵੱਲੋਂ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਹਮਲਾਵਰ – ਦੀਪਕ ਉਰਫ਼ ਤੀਤਾਰ, ਯੋਗੇਸ਼ ਉਰਫ ਟੁੰਡਾ, ਰਾਜੇਸ਼ ਅਤੇ ਰਿਆਜ਼ ਖਾਨ – ਉਸੇ ਵਾਰਡ ਦੀ ਪਹਿਲੀ ਮੰਜ਼ਿਲ ‘ਤੇ ਬੰਦ ਸਨ। ਉਹ ਕਥਿਤ ਤੌਰ ‘ਤੇ ਉੱਚ ਸੁਰੱਖਿਆ ਵਾਲੇ ਵਾਰਡ ਦੀ ਪਹਿਲੀ ਮੰਜ਼ਿਲ ‘ਤੇ ਲੱਗੇ ਲੋਹੇ ਦੇ ਜਾਲ ਨੂੰ ਕੱਟ ਕੇ ਚਾਦਰ ਦੀ ਮਦਦ ਨਾਲ ਹੇਠਾਂ ਆ ਗਏ। ਅਧਿਕਾਰੀ ਮੁਤਾਬਕ ਹਮਲਾਵਰਾਂ ਨੇ ਫਿਰ ਤਾਜਪੁਰੀਆ ‘ਤੇ ਤੇਜ਼ਧਾਰ ਵਸਤੂਆਂ ਨਾਲ ਹਮਲਾ ਕਰ ਦਿੱਤਾ। ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤੇਜਪੁਰੀਆ ਨੂੰ ਜੇਲ੍ਹ ਵਿੱਚ ਇਲਾਜ ਲਈ ਸਵੇਰੇ 6.45 ਵਜੇ ਦੇ ਕਰੀਬ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਪੱਛਮੀ) ਅਕਸ਼ਤ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਦੇ ਕਰੀਬ ਦੀਨ ਦਿਆਲ ਉਪਾਧਿਆਏ ਹਸਪਤਾਲ ਤੋਂ ਤਿਹਾੜ ਜੇਲ੍ਹ ਤੋਂ ਦੋ ਅੰਡਰ ਟਰਾਇਲ ਲਿਆਉਣ ਦੀ ਸੂਚਨਾ ਮਿਲੀ ਸੀ। ਕੌਸ਼ਲ ਨੇ ਦੱਸਿਆ ਕਿ ਤੇਜਪੁਰੀਆ ਨੂੰ ਬੇਹੋਸ਼ ਕਰਕੇ ਲਿਆਂਦਾ ਗਿਆ, ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ ਇੱਕ ਹੋਰ ਵਿਅਕਤੀ ਰੋਹਿਤ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਤੰਬਰ 2021 ‘ਚ ਗੈਂਗਸਟਰ ਜਤਿੰਦਰ ਗੋਗੀ ਦੀ ਰੋਹਿਣੀ ਕੋਰਟ ਕੰਪਲੈਕਸ ‘ਚ ਦੋ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲਾਵਰਾਂ ਨੇ ਵਕੀਲਾਂ ਦੇ ਕੱਪੜੇ ਪਾਏ ਹੋਏ ਸਨ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਵੇਂ ਹਮਲਾਵਰ ਮਾਰੇ ਗਏ।