International
ਮਾਈਗ੍ਰੈਂਟ ਵਰਕਰਾਂ ਲਈ ਖੁਸ਼ਖਬਰੀ, ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਨੂੰ ਕੀਤੀ 50 ਘਰਾਂ ਦੀ ਪੇਸ਼ਕਸ਼
ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨੇ ਬਾਹਰ `ਚ ਫਸੇ ਬੈਠੇ ਮਾਈਗ੍ਰੈਂਟ ਵਰਕਰਾਂ ਨੂੰ ਵਾਪਸ ਨਿਊਜ਼ੀਲੈਂਡ ਲਿਆਉਣ ਲਈ ਸਰਕਾਰ ਨੂੰ 50 ਨਵੇਂ ਘਰ ਮੁਫ਼ਤ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇੱਥੇ ਲਿਆ ਕੇ ਇਕਾਂਤਵਾਸ `ਚ ਰੱਖਿਆ ਜਾ ਸਕੇ। ਇਹ ਪੇਸ਼ਕਸ਼ ਉਦੋਂ ਤੱਕ ਜਾਰੀ ਰਹੇਗੀ ਜਦੋਂ ਸਾਰੇ ਭਾਰਤੀ ਵਾਪਸ ਨਹੀਂ ਆ ਜਾਂਦੇ। ਇਮੀਗ੍ਰੇਸ਼ਨ ਮਨਿਸਟਰ ਨੇ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਅਗਲੇ ਫ਼ੈਸਲਿਆਂ ਵਾਸਤੇ ਇਸਦਾ ਖਿਆਲ ਰੱਖਣਗੇ। ਹਾਲਾਂਕਿ ਮਨਿਸਟਰ ਨੇ ਕੋਈ ਨਵਾਂ ਐਲਾਨ ਨਹੀਂ ਕੀਤਾ ਅਤੇ ਕੋਈ ਤਸੱਲੀਬਖਸ਼ ਜਵਾਬ ਵੀ ਨਹੀਂ ਦਿੱਤਾ। ਸਿਰਫ਼ ਬਾਰਡਰ ਪਾਲਿਸੀ ਰਾਹੀਂ ਨਿਊਜ਼ੀਲੈਂਡ ਵਾਸੀਆਂ ਨੂੰ ਪਹਿਲ ਦੇ ਅਧਾਰ `ਤੇ ਸੁਰੱਖਿਅਤ ਰੱਖਣ ਦਾ ਹੀ ਗੁਣਗਾਣ ਕਰਦੇ ਰਹੇ। ਅੱਜ ਇੱਥੇ ਪੰਜਾਬ ਵਿਰਾਸਤ ਭਵਨ ਅਤੇ ਐੱਨਜ਼ੈੱਡ ਪੰਜਾਬੀ ਨਿਊਜ਼ ਦੇ ਦਫ਼ਤਰ `ਚ ਆਏ ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬਲਾਰੇ ਦਲਜੀਤ ਸਿੰਘ ਅਤੇ ਉੱਘੇ ਬਿਜ਼ਨਸਮੈਨ ਪਿਰਥੀਪਾਲ ਸਿੰਘ ਬਸਰਾ ਦੀ ਅਗਵਾਈ `ਚ ਦੇਸ਼ ਦੇ 16 ਗੁਰੂਘਰਾਂ ਦੀਆਂ ਕਮੇਟੀਆਂ ਵੱਲੋਂ ਸੌਂਪੇ ਮੰਗ ਪੱਤਰ ਮਾਈਗਰੈਂਟ ਭਾਈਚਾਰੇ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ ਹੈ।
ਪਰਮਾਨੈਂਟ ਰੈਜ਼ੀਡੈਂਸੀ ਲਈ ਜਮ੍ਹਾਂ ਕਰਵਾਈ ਜਾਣ ਵਾਲੀ ਫਾਈਲ ਤੋਂ ਪਹਿਲਾਂ ਇੱਕ ਹੋਰ ਦਰਖ਼ਾਸਤ ਭਾਵ ਈਆਈ ਬਾਰੇ ਵੀ ਮੰਗ ਪੱਤਰ ਰਾਹੀਂ 16 ਮਹੀਨਿਆਂ ਤੋਂ ਧੂੜ ਫੱਕ ਰਹੀਆਂ ਅਰਜ਼ੀਆਂ `ਤੇ ਧਿਆਨ ਦਿਵਾਉਂਦਿਆ ਕਿਹਾ ਗਿਆ ਹੈ ਕਿ ਦੇਸ਼ ਦੇ ਇਤਿਹਾਸ `ਚ ਪਹਿਲੀ ਵਾਰ ਹੋਇਆ ਹੈ ਕਿ ਸਕਿਲਡ ਵਰਕਰਾਂ ਦੀਆਂ 15 ਤੋਂ 20 ਹਜ਼ਾਰ ਅਰਜ਼ੀਆਂ `ਤੇ ਕੋਈ ਅਮਲ ਨਹੀਂ ਹੋ ਰਿਹਾ। ਜਿਨ੍ਹਾਂ `ਤੇ ਦੇਸ਼ ਦੀ ਮੌਜੂਦਾ ਇਮੀਗਰੇਸ਼ਨ ਪਾਲਿਸੀ ਦੇ ਅਧਾਰ `ਤੇ ਤੁਰੰਤ ਪ੍ਰਾਸੈੱਸਿੰਗ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਯੋਗ ਸਕਿਲਡ ਵਰਕਰਾਂ ਨੂੰ ਫ਼ੈਸਲੇ ਦੀ ਉਡੀਕ `ਚ ਦੋ-ਦੋ ਸਾਲ ਤੋਂ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕੋਵਿਡ-19 ਦੀ ਵਜ੍ਹਾ ਕਾਰਨ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਲਈ ਮਜ਼ਬੂਰ ਹੋ ਚੁੱਕੇ ਮਾਈਗਰੈਂਟ ਵਰਕਰਾਂ ਨੂੰ ਇਮੀਗਰੇਸ਼ਨ ਐਕਟ ਦੇ ਸੈਕਸ਼ਨ 61 ਤਹਿਤ ਵੀਜ਼ਾ ਪਾਉਣ ਦੀ ਇਜਾਜ਼ਤ ਮੰਗੀ ਗਈ ਹੈ, ਜੋ ਦੇਸ਼ ਦੀ ਇਕਾਨਮੀ `ਚ ਟੈਕਸਾਂ ਰਾਹੀਂ ਵੱਡਾ ਯੋਗਦਾਨ ਪਾ ਚੁੱਕੇ ਹਨ। ਜਿਸ ਕਰਕੇ ਇਹ ਤਜਰਬੇਕਾਰ ਵਰਕਰ ਦੇਸ਼ `ਚ ਕਾਮਿਆਂ ਦੀ ਥੁੜ ਵਾਲੇ ਖੱਪੇ ਨੂੰ ਪੂਰਨ ਲਈ ਸਹਾਈ ਸਿੱਧ ਹੋ ਸਕਦੇ ਹਨ।