Punjab
ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਇਸ ਰੂਟ ਦੇ ਲੋਕਾਂ ਨੂੰ ਮਿਲੀ ਸਹੂਲਤ,ਜਾਣੋ ਵੇਰਵਾ
ਰੇਲ ਯਾਤਰੀਆਂ ਲਈ ਆਈ ਖੁਸ਼ਖਬਰੀ । ਦਰਅਸਲ, ਕਰਤਾਰਪੁਰ ਵਾਸੀਆਂ ਦੀ ਮੰਗ ‘ਤੇ ਰੇਲਵੇ ਵਿਭਾਗ ਨੇ ਹਾਵੜਾ ਮੇਲ (13005/13006) ਅਤੇ ਸਰਯੂ ਯਮੁਨਾ ਐਕਸਪ੍ਰੈਸ (14649/14650) ਨੂੰ ਕਰਤਾਰਪੁਰ ਰੇਲਵੇ ਸਟੇਸ਼ਨ ‘ਤੇ ਸਟਾਪੇਜ ਦੇਣ ਦਾ ਫੈਸਲਾ ਕੀਤਾ ਹੈ। ਅੰਮ੍ਰਿਤਸਰ ਰੂਟ ਦੀਆਂ ਉਪਰੋਕਤ ਰੇਲ ਗੱਡੀਆਂ ਕਰਤਾਰਪੁਰ ਸਟੇਸ਼ਨ ‘ਤੇ ਦੋਵੇਂ ਦਿਸ਼ਾਵਾਂ ‘ਚ 1 ਮਿੰਟ ਲਈ ਰੁਕਣਗੀਆਂ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਫੈਸਲਾ 14 ਮਈ ਤੋਂ ਲਾਗੂ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਕਰਤਾਰਪੁਰ ਵਾਸੀਆਂ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਮੰਗ ਪੱਤਰ ਸੌਂਪ ਕੇ ਉਕਤ ਰੇਲ ਗੱਡੀਆਂ ਨੂੰ ਕਰਤਾਰਪੁਰ ਸਟੇਸ਼ਨ ’ਤੇ ਰੋਕਣ ਦੀ ਅਪੀਲ ਕੀਤੀ ਸੀ। ਸ੍ਰੀ ਖੰਨਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਸ ਸਬੰਧੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਣਗੇ। ਜਿਵੇਂ ਹੀ ਇਹ ਮਾਮਲਾ ਰੇਲਵੇ ਮੰਤਰੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਤੁਰੰਤ ਇਸ ਸਬੰਧੀ ਫੈਸਲਾ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ।