Punjab
ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਚਿੱਤਰ ਨੂੰ ਫੁੱਲ ਭੇਂਟ ਕਰ ਕੀਤੀ ਨਵੇਂ ਸੈਸ਼ਨ ਦੀ ਸ਼ੁਰੂਆਤ।
ਪਠਾਨਕੋਟ: ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਕੂਲ ਮੁਖੀ ਬਲਕਾਰ ਅੱਤਰੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਰੱਖਿਆ ਮੰਤਰਾਲੇ ਦੀ ਨਵਰਤਨ ਕੰਪਨੀ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੇ ਸੀਨੀਅਰ ਮੈਨੇਜਰ ਸੁਨੀਲ ਅੱਤਰੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਪਿੰਡ ਦੇ ਮੋਹਤਬਰ ਕਰਨੈਲ ਸਿੰਘ ਅਤੇ ਬੀਐਮਟੀ ਬਿਸੰਭਰ ਦਾਸ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋ ਕੇ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਚਿੱਤਰ ਸਨਮੁੱਖ ਫੁੱਲ ਭੇਂਟ ਕਰ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਤੇ ਮੁੱਖ ਮਹਿਮਾਨ ਸੁਨੀਲ ਅੱਤਰੀ ਵੱਲੋਂ ਸਫ਼ਲ ਹੋ ਕੇ ਨਵੀਂਆਂ ਜਮਾਤਾਂ ਵਿੱਚ ਦਾਖ਼ਲ ਹੋਏ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਤੇ ਉਨ੍ਹਾਂ ਸੰਬੋਧਨ ਕਰਦਿਆਂ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਬੱਚਿਆਂ ਨੂੰ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਫ਼ਲਸਫ਼ੇ ਤੇ ਚਲਦੇ ਹੋਏ ਸੱਚ ਦਾ ਮਾਰਗ ਅਪਣਾਉਣ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨਾਂ ਵਲੋਂ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਤੇ ਸਕੂਲ ਮੁਖੀ ਬਲਕਾਰ ਅੱਤਰੀ ਨੇ ਦੱਸਿਆ ਕਿ ਸਕੂਲ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਦੋਨੋਂ ਮਾਧਿਅਮ ਵਿੱਚ ਡਿਜੀਟਲ ਤਕਨੀਕ ਨਾਲ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਸਕੂਲ ਵਿੱਚ ਬੱਚਿਆਂ ਕੋਲੋਂ ਕਿਸੇ ਕਿਸਮ ਦੀ ਕੋਈ ਫ਼ੀਸ ਨਹੀਂ ਲਈ ਜਾਂਦੀ ਅਤੇ ਸਕੂਲ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ, ਯੂਨੀਫ਼ਾਰਮ, ਕਿਤਾਬਾਂ ਕਾਪੀਆਂ ਆਦਿ ਬਿਲਕੁੱਲ ਮੁਫਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਕਰਵਾਉਣ ਅਤੇ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਫਾਇਦਾ ਉਠਾਉਣ।
ਇਸ ਮੌਕੇ ਤੇ ਮਾਸਟਰ ਰਾਜੇਸ਼ ਕੁਮਾਰ, ਪ੍ਰਿਅੰਕਾ ਰਾਸੋਤਰਾ, ਰਾਣੀ ਦੇਵੀ ਕੂਕ, ਸੰਤੋਸ਼ ਕੁਮਾਰੀ ਆਂਗਣਵਾੜੀ ਵਰਕਰ, ਰਾਜ ਰਾਣੀ ਆਂਗਣਵਾੜੀ ਹੈਲਪਰ, ਸੌਰਭ ਕੁਮਾਰ ਆਦਿ ਹਾਜ਼ਰ ਸਨ।