Connect with us

India

ਸਰਕਾਰੀ ਪ੍ਰਿੰਟਿੰਗ ਪ੍ਰੈਸ ਮੁਹਾਲੀ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ: ਸਾਧੂ ਸਿੰਘ ਧਰਮਸੋਤ

Published

on

ਚੰਡੀਗੜ, 12 ਜੂਨ : ਪੰਜਾਬ ਦੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਰਕਾਰੀ ਪ੍ਰਿੰਟਿੰਗ ਪ੍ਰੈਸ ਮੁਹਾਲੀ ਨੂੰ ਆਧੁਨਿਕ ਰੂਪ ਦੇਣ ਲਈ ਤਜਵੀਜ ਬਣਾਉਣ ਦੇ ਆਦੇਸ਼ ਦਿੱਤੇ ਹਨ। ਅੱਜ ਇੱਥੇ ਸਕੱਤਰੇਤ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਮਗਰੋਂ ਇਹ ਪ੍ਰਗਟਾਵਾ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਸਰਕਾਰੀ ਪ੍ਰੈਸ ਮੁਹਾਲੀ ਦੇ ਆਧੁਨਿਕੀਕਰਨ ਸਮੇਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਮੁਹਾਲੀ ਪ੍ਰੈਸ ਦੀ ਵਾਧੂ ਪਈ ਜ਼ਮੀਨ ਵੇਚ ਕੇ ਮਲਟੀ ਸਟੋਰੀ ਇਮਾਰਤ ਤਿਆਰ ਕੀਤੀ ਜਾ ਸਕਦੀ ਹੈ, ਜਿਸ ‘ਚ ਆਧੁਨਿਕ ਵੱਡੀਆਂ ਅਤੇ ਡਿਜ਼ੀਟਲ ਮਸ਼ੀਨਾਂ ਵੀ ਖਰੀਦੀਆਂ ਜਾਂ ਸਕਦੀਆਂ ਹਨ। ਉਹਨਾਂ ਕਿਹਾ ਕਿ ਅਜੋਕੇ ਯੁੱਗ ‘ਚ ਵਪਾਰਕ ਢੰਗ ਨਾਲ ਕੰਮ ਕਰਨ ਲਈ ਪ੍ਰਿੰਟਿੰਗ ਤੇ ਸਟੇਸ਼ਨਰੀ ਦਾ ਮੌਜੂਦਾ ਢਾਂਚਾ ਬਦਲਣ ਦੀ ਜ਼ਰੂਰਤ ਹੈ।

ਧਰਮਸੋਤ ਨੇ ਕਿਹਾ ਕਿ ਖਰੀਦ ਤੇ ਛਪਾਈ ਨਾਲ ਸਬੰਧਤ ਪੁਰਾਣੇ ਨਿਯਮਾਂ ਨੂੰ ਵੀ ਮੁੜ ਸੋਧਿਆ ਜਾਵੇਗਾ ਜੋ ਅੱਜ ਦੇ ਸਮੇਂ ਸਾਰਥਕ ਨਹੀਂ ਰਹੇ। ਉਹਨਾਂ ਕਿਹਾ ਕਿ ਇਹ ਤਜਵੀਜ ਵੀ ਬਣਾਈ ਜਾਵੇਗੀ ਕਿ ਸੂਬੇ ਦੇ ਸਮੂਹ ਸਰਕਾਰੀ ਵਿਭਾਗ ਛਪਾਈ ਦਾ ਕੰਮ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਤੋਂ ਹੀ ਕਰਵਾਉਣ। ਧਰਮਸੋਤ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪੰਜਾਬ ਦਾ ਪ੍ਰਿੰਟਿੰਗ ਤੇ ਸਟੇਸ਼ਨਰੀ ਸਬੰਧੀ ਕੰਮ, ਹੋਰਨਾਂ ਸੂਬਿਆਂ ਤੋਂ ਕਰਵਾਉਣ ਦੀ ਬਜਾਏ ਸੂਬੇ ‘ਚ ਹੀ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਭਾਗ ਨੂੰ ਅਤੀ-ਆਧੁਨਿਕ ਇਮਾਰਤ ਅਤੇ ਮਸ਼ੀਨਾਂ ਨਾਲ ਸਮੇਂ ਦਾ ਹਾਣੀ ਬਣਾਉਣਾ ਸਾਡਾ ਮਿਸ਼ਨ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰੀ ਅਤੇ ਹੋਰ ਛਪਾਈ ਦਾ ਕੰਮ ਵਿਭਾਗ ਰਾਹੀਂ ਹੋਵੇਗਾ ਤਾਂ ਸੂਬਾ ਸਰਕਾਰ ਨੂੰ ਆਰਥਿਕ ਲਾਭ ਵੀ ਹੋਵੇਗਾ।