Punjab
ਗੁਰਦਾਸਪੁਰ: ਔਰਤ ਦੇ ਨਾਲ ਛੇੜਛਾੜ ਕਰਨ ਤੋਂ ਰੋਕਣ ‘ਤੇ ਨੌਜਵਾਨਾਂ ਨੇ ਉਸ ਦੇ ਪਤੀ ‘ਤੇ ਕੀਤਾ ਹਮਲਾ

19 ਫਰਵਰੀ 2024: ਗੁਰਦਾਸਪੁਰ ਦੇ ਗੋਬਿੰਦ ਨਗਰ ‘ਚ ਇਕ ਕਰਿਆਨੇ ਦੀ ਦੁਕਾਨ ‘ਤੇ ਬੈਠੀ ਔਰਤ ਨਾਲ ਛੇੜਛਾੜ ਕਰ ਰਹੇ ਨੌਜਵਾਨਾਂ ਨੂੰ ਜਦੋਂ ਪਤੀ ਨੇ ਰੋਕਿਆ ਤਾਂ ਸ਼ਰਾਰਤੀ ਅਨਸਰਾਂ ਨੇ ਉਸ ਦੇ ਪਤੀ ‘ਤੇ ਹਮਲਾ ਕਰ ਦਿੱਤਾ| ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪੀੜਤ ਦਾ ਕਹਿਣਾ ਹੈ ਕਿ ਥਾਣਾ ਸਿਟੀ ਗੁਰਦਾਸਪੁਰ ‘ਚ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਰਾਜਾ ਸਿੰਘ ਨੇ ਦੱਸਿਆ ਕਿ ਗੋਬਿੰਦ ਨਗਰ ‘ਚ ਉਸ ਦੀ ਕਰਿਆਨੇ ਦੀ ਦੁਕਾਨ ਹੈ ਜਿੱਥੇ ਉਸ ਦੀ ਪਤਨੀ ਬੈਠੀ ਸੀ ਤਾਂ ਦੁਕਾਨ ‘ਤੇ ਕੁਝ ਨੌਜਵਾਨ ਆਏ ਅਤੇ ਉਸ ਦੀ ਪਤਨੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਰਾਜਾ ਸਿੰਘ ਆਪਣੀ ਦੁਕਾਨ ‘ਤੇ ਨਹੀਂ ਸੀ ਤਾਂ ਰਾਜਾ ਸਿੰਘ ਦੀ ਪਤਨੀ ਨੇ ਉਕਤ ਨੌਜਵਾਨਾਂ ਦਾ ਵਿਰੋਧ ਕੀਤਾ | ਪਰ ਫਿਰ ਵੀ ਸ਼ਰਾਰਤੀ ਅਨਸਰ ਨਹੀਂ ਮੰਨੇ ਇਸ ਦੌਰਾਨ ਰਾਜਾ ਸਿੰਘ ਦੁਕਾਨ ‘ਤੇ ਆਇਆ | ਉਸ ਨੇ ਸ਼ਰਾਰਤੀ ਅਨਸਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਰਾਜਾ ਸਿੰਘ ‘ਤੇ ਹਮਲਾ ਕਰ ਦਿੱਤਾ ਗਿਆ | ਰਾਜਾ ਸਿੰਘ ਅਨੁਸਾਰ ਉਹ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਨੇੜਲੇ ਘਰ ਵਿੱਚ ਦਾਖਲ ਹੋਇਆ ਪਰ ਹਮਲਾਵਰ ਉੱਥੇ ਵੀ ਪਹੁੰਚ ਗਏ| ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਰਾਜਾ ਸਿੰਘ ਅਨੁਸਾਰ ਹਮਲਾਵਰ ਨੌਜਵਾਨ ਸ਼ਰਾਬੀ ਸੀ। ਉਸ ਦੀ ਪਤਨੀ ਨੇ ਹੋਰ ਰਾਹਗੀਰਾਂ ਦੀ ਮਦਦ ਨਾਲ ਉਸ ਦੀ ਜਾਨ ਬਚਾਈ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰ ਨੇ ਉਸਦੀ ਮੈਡੀਕਲ ਜਾਂਚ ਕਰਕੇ ਉਸਦਾ ਇਲਾਜ ਕੀਤਾ।