Connect with us

India

ਲੱਦਾਖ਼ ਝੜਪ ’ਚ ਸੰਗਰੂਰ ਦੇ ਜਵਾਨ ਗੁਰਵਿੰਦਰ ਸਿੰਘ ਨੇ ਪੀਤਾ ਸ਼ਹਾਦਤ ਦਾ ਜਾਮ

Published

on

ਸੰਗਰੂਰ, 18 ਜੂਨ ( ਵਿਨੋਦ ਗੋਇਲ ) : ਭਾਰਤ-ਚੀਨ ਸਰਹੱਦ ’ਤੇ ਦੋਵਾਂ ਮੁਲਕਾਂ ਦੇ ਜਵਾਨਾਂ ਦੀ ਹੋਈ ਝੜਪ ’ਚ ਸ਼ਹੀਦ ਹੋਣ ਵਾਲੇ ਜਵਾਨਾਂ ’ਚ ਇੱਕ ਸਨ ਗੁਰਵਿੰਦਰ ਸਿੰਘ ਜੋ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਵਾਸੀ ਸਨ । ਜਿਉਂ ਹੀ ਗੁਰਵਿੰਦਰ ਦੀ ਸ਼ਹੀਦੀ ਦੀ ਖ਼ਬਰ ਪਿੰਡ ਪਹੁੰਚੀ ਤਾਂ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ । ਵਤਨ ਤੋਂ ਜਾਨ ਵਾਰ ਦੇਣ ਵਾਲੇ ਗੁਰਵਿੰਦਰ ਸਿੰਘ ਦੀ ਉਮਰ ਮਹਿਜ 22 ਸਾਲ ਦੀ ਸੀ । ਗੁਰਵਿੰਦਰ ਸਿੰਘ ਕਰੀਬ ਢਾਈ ਕੁ ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆ ਸੀ । ਕੁੱਝ ਸਮਾਂ ਪਹਿਲਾਂ ਹੀ ਗੁਰਵਿੰਦਰ ਸਿੰਘ ਦੀ ਮੰਗਣੀ ਹੋਈ ਸੀ ਅਤੇ ਜਲਦ ਹੀ ਉਸਦਾ ਵਿਆਹ ਵੀ ਹੋਣ ਵਾਲਾ ਸੀ । ਪਰਿਵਾਰ ਮੁਤਾਬਿਕ ਗੁਰਵਿੰਦਰ 10 ਮਹੀਨੇ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ ਅਤੇ ਸ਼ਹਾਦਤ ਤੋਂ ਕਰੀਬ 22 ਦਿਨ ਪਹਿਲਾਂ ਉਨ੍ਹਾਂ ਦੀ ਗੁਰਵਿੰਦਰ ਨਾਲ ਗੱਲ ਹੋਈ ਸੀ ਅਤੇ ਉਹ ਪੂਰੇ ਹੌਂਸਲੇ ਵਿੱਚ ਸੀ ।

ਗੁਰਵਿੰਦਰ ਦੀ ਸ਼ਹਾਦਤ ਨਾਲ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ ਅਤੇ ਪੂਰਾ ਪਿੰਡ ਉਸਦੀ ਸ਼ਹਾਦਤ ’ਤੇ ਮਾਣ ਮਹਿਸੂਸ ਕਰ ਰਿਹਾ ਹੈ । ਪਿੰਡ ਵਾਸੀਆਂ ’ਚ ਚੀਨ ਦੀ ਇਸ ਹਰਕਤ ਖ਼ਿਲਾਫ਼ ਗੁੱਸਾ ਵੀ ਹੈ । ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਚੀਨ ਨੂੰ ਉਸ ਦੀ ਭਾਸ਼ਾ ’ਚ ਜਵਾਬ ਜ਼ਰੂਰ ਦਿੱਤਾ ਜਾਵੇ ।

ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ । ਇਸ ਮੌਕੇ ਗੋਲਡੀ ਨੇ ਕਿਹਾ ਕਿ ਸਰਕਾਰ ਨੂੰ ਪਰਿਵਾਰ ਦੇ ਜ਼ਖ਼ਮਾਂ ’ਤੇ ਮੱਲ੍ਹਮ ਜ਼ਰੂਰ ਲਗਾਉਣੀ ਚਾਹੀਦੀ ਹੈ ਅਤੇ ਗੋਲਡੀ ਨੇ ਸਰਕਾਰ ਤੋਂ ਪਿੰਡ ਦਾ ਸਕੂਲ ਅਪਗ੍ਰੇਡ ਕਰਨ ਅਤੇ ਪਿੰਡ ’ਚ ਯਾਦਗਾਰ ਬਣਾਉਣ ਦੀ ਮੰਗ ਵੀ ਕੀਤੀ ਹੈ ।