News
ਹਾਕੀ ’ਚ ਪੰਜਾਬੀ ਗੱਭਰੂ ਨਿਊਜ਼ੀਲੈਂਡ ਖਿਲਾਫ਼ ਸ਼ਾਨਦਾਰ ਜਿੱਤ , ਹਰਮਨਪ੍ਰੀਤ ਤੇ ਰੁਪਿੰਦਰਪਾਲ ਨੇ ਪਾਈ ਧਮਾਲ
ਟੋਕੀਓ ਓਲੰਪਿਕ ਵਿਚ ਸ਼ਨੀਵਾਰ ਸਵੇਰ ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਖਿਲਾਫ਼ ਆਪਣਾ ਪਹਿਲਾ ਮੈਚ ਖੇਡਿਆ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਨੇ 3-2 ਨਾਲ ਪਹਿਲਾ ਮੈਚ ਆਪਣੇ ਨਾਂ ਕੀਤਾ। ਖਾਸ ਗੱਲ ਇਹ ਰਹੀ ਕਿ ਮੈਚ ਵਿਚ ਪੰਜਾਬ ਦੇ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਟੀਮ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੇ ਮੈਚ ਵਿਚ ਦੋ ਗੋਲ ਦਾਗੇ। ਉਥੇ ਰੁਪਿੰਦਰ ਪਾਲ ਸਿੰਘ ਨੇ ਵੀ ਇਕ ਗੋਲ ਕਰਕੇ ਭਾਰਤੀ ਟੀਮ ਨੂੰ ਜਿੱਤ ਦੀ ਦਹਿਲੀਜ਼ ’ਤੇ ਲਿਆ ਖੜ੍ਹਾ ਕੀਤਾ। ਓਲੰਪਿਕ ਵਿਚ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ ਨਾਲ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ।
ਮੈਚ ਵਿਚ ਦੋ ਗੋਲ ਕਰਨ ਵਾਲੇ ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਰੁਪਿੰਦਰਪਾਲ ਦਾ ਘਰ ਫਰੀਦਕੋਟ ਵਿਚ ਹੈ। ਮੈਚ ਵਿਚ ਹਰਮਨਪ੍ਰੀਤ ਨੇ ਦੋ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ। ਸ਼ਨੀਵਾਰ ਸਵੇਰੇ ਤੋਂ ਹੀ ਉਨ੍ਹਾਂ ਦਾ ਪਰਿਵਾਰ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਉਨ੍ਹਾਂ ਨੂੰ ਟੀਮ ਇੰਡੀਆ ਦੀ ਜਿੱਤ ਦਾ ਪੂਰਾ ਵਿਸ਼ਵਾਸ ਸੀ ਪਰ ਮੈਚ ਵਿਚ ਹਰਮਨਪ੍ਰੀਤ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਦੀ ਖੁਸ਼ੀ ਨੂੰ ਦੁਗਣਾ ਕਰ ਦਿੱਤਾ।
ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ ‘ਤੇ ਮਾਣ ਹੈ। ਉਸਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਉਸਨੂੰ ਪੂਰਾ ਯਕੀਨ ਹੈ ਕਿ ਉਸਦਾ ਬੇਟਾ ਸੋਨਾ ਲੈ ਕੇ ਵਾਪਸ ਆਵੇਗਾ। ਉਸ ਨੇ ਦੱਸਿਆ ਕਿ ਹਰਮਨਪ੍ਰੀਤ ਛੇਵੀਂ ਜਮਾਤ ਵਿਚ ਪੜ੍ਹਦਾ ਸੀ, ਫਿਰ ਉਸ ਨੂੰ ਜਲੰਧਰ ਦੀ ਇਕ ਪ੍ਰਾਈਵੇਟ ਅਕੈਡਮੀ ਵਿਚ ਇਕ ਸਾਲ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਸੁਰਜੀਤ ਸਿੰਘ ਹਾਕੀ ਅਕੈਡਮੀ ਵਿਚ ਜਲੰਧਰ ਵਿਖੇ ਕਰਵਾਏ ਗਏ ਟਰਾਇਲ ਦੇ ਕੇ ਦਸਵੀਂ ਜਮਾਤ ਵਿਚ ਅੱਗੇ ਗਿਆ ਅਤੇ ਨੈਸ਼ਨਲ ਖੇਡਿਆ। ਹਰਮਨਪ੍ਰੀਤ ਸਿੰਘ ਓਲੰਪੀਅਨ ਜੁਗਰਾਜ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ।
ਦੂਜੇ ਪਾਸੇ ਰੁਪਿੰਦਰ ਪਾਲ ਸਿੰਘ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਫਰੀਦਕੋਟ ਸ਼ਹਿਰ ਦੇ ਨਜ਼ਦੀਕ ਚਹਿਲ ਰੋਡ ‘ਤੇ ਸਥਿਤ ਬਾਬਾ ਫਰੀਦ ਨਗਰ ਵਿਖੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਸਨੇ ਰੁਪਿੰਦਰ ਪਾਲ ਸਿੰਘ ਸਮੇਤ ਸਮੁੱਚੀ ਹਾਕੀ ਟੀਮ ਦਾ ਬਿਹਤਰ ਪ੍ਰਦਰਸ਼ਨ ਦੇ ਕਾਫਲੇ ਨੂੰ ਜਾਰੀ ਰੱਖਣ ਅਤੇ ਓਲੰਪਿਕ ਸੋਨ ਤਮਗਾ ਜਿੱਤਣ ਲਈ ਵਿਸ਼ਵਾਸ ਪ੍ਰਗਟਾਇਆ ਹੈ। ਰੁਪਿੰਦਰ ਪਾਲ ਸਿੰਘ ਨੇ ਇਸ ਤੋਂ ਪਹਿਲਾਂ ਅਗਸਤ 2016 ਵਿਚ ਬ੍ਰਾਜ਼ੀਲ ਵਿਚ ਆਯੋਜਿਤ 31 ਵੀਂ ਓਲੰਪਿਕ ਖੇਡਾਂ ਵਿਚ ਭਾਰਤੀ ਟੀਮ ਦਾ ਹਿੱਸਾ ਬਣ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ।
ਰੁਪਿੰਦਰ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਪਿਛਲੀ ਓਲੰਪਿਕ ਵਿੱਚ ਤਗਮਾ ਨਾ ਜਿੱਤਣ ’ਤੇ ਅਫਸੋਸ ਹੈ, ਪਰ ਇਸ ਵਾਰ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਰੁਪਿੰਦਰ ਅਤੇ ਉਸ ਦੀ ਟੀਮ ਦੇ ਖਿਡਾਰੀ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਗੇ ਅਤੇ ਭਾਰਤ ਲਈ ਸੋਨ ਤਗਮਾ ਲਿਆਉਣਗੇ।