Corona Virus
ਸਿੱਧੂ ਦੇ ਕਰੀਬੀ ਹਰਪਾਲ ਸਿੰਘ ਵੇਰਕਾ ਮੁਅੱਤਲ

ਅੰਮ੍ਰਿਤਸਰ, 11 ਅਪ੍ਰੈਲ: ਅੰਮ੍ਰਿਤਸਰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕਾਂਗਰਸ ਲੀਡਰ ਹਰਪਾਲ ਸਿੰਘ ਵੇਰਕਾ ਨੂੰ ਹੈੱਡਮਾਸਟਰ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ। ਹਰਪਾਲ ਸਿੰਘ ਵੇਰਕਾ ਪਿਛਲੇ ਦਿਨੀਂ ਪਦਮਸ਼੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਤੋਂ ਬਾਅਦ ਵਿਵਾਦਾਂ ਵਿੱਚ ਆਏ ਸੀ। ਦਰਅਸਲ ਭਾਈ ਸਾਹਿਬ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਦੇਹ ਅੰਮ੍ਰਿਤਸਰ ਦੇ ਵੇਰਕਾ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਲਈ ਲਿਜਾਈ ਗਈ, ਪਰ ਹਰਪਾਲ ਸਿੰਘ ਵੇਰਕਾ ਨੇ ਸਥਾਨਕ ਵਾਸੀਆਂ ਨਾਲ ਮਿਲ ਕੇ ਸ਼ਮਸ਼ਾਨ ਘਾਟ ਨੂੰ ਜਿੰਦਰਾ ਲਗਾ ਦਿੱਤਾ ਤੇ ਸਸਕਾਰ ਨਹੀਂ ਹੋਣ ਦਿੱਤਾ, ਜਿਸ ਸਬੰਧੀ ਸ਼ਿਕਾਇਤਾਂ ਦੇ ਅਧਾਰ ਤੇ ਵੇਰਕਾ ਨੂੰ ਮੁਅੱਤਲ ਕੀਤਾ ਗਿਆ ਹੈ।
ਇਸਦੇ ਨਾਲ ਹੀ ਸਿੱਖਿਆ ਵਿਭਾਗ ਨੂੰ ਹਰਪਾਲ ਸਿੰਘ ਵੇਰਕਾ ਵਿਰੁੱਧ ਸ਼ਿਕਾਇਤਾਂ ਮਿਲੀਆਂ ਸੀ ਕਿ ਉਹ ਆਪਣੇ ਰਜਨੀਤਿਕ ਸੰਪਰਕਾਂ ਦਾ ਇਸਤੇਮਾਲ ਕਰਕੇ ਅਕਸਰ ਡਿਊਟੀ ਤੋਂ ਗੈਰਹਾਜ਼ਰ ਰਹਿੰਦਾ ਸੀ। ਸਰਕਾਰੀ ਐਲੀਮੈਂਟਰੀ ਸਕੂਲ ਦੇ ਕੁੱਝ ਵਿਦਿਆਰਥੀਆਂ ਨੇ ਵੀ ਉਨ੍ਹਾਂ ਦੀ ਗੈਰਹਾਜ਼ਰੀ ਸਬੰਧੀ ਖੁਲਾਸੇ ਕੀਤੇ ਜਿਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਵੇਰਕਾ ਨੂੰ ਮੁਅੱਤਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਵੇਰਕਾ, ਨਵਜੋਤ ਸਿੰਘ ਸਿੱਧੂ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਕਰਤਾਰਪੁਰ ਲਾਂਘਾ ਖੁਲ੍ਹਣ ਸਮੇਂ ਵੇਰਕਾ ਨੇ ਸਿੱਧੂ ਅਤੇ ਇਮਰਾਨ ਖਾਨ ਨਾਲ ਆਪਣੇ ਪੋਸਟਰ ਵੀ ਲਗਵਾਏ ਸੀ।