Punjab
ਸਿਹਤ ਵਿਭਾਗ ਦੀਆਂ ਟੀਮਾਂ ਮੰਡੀਆਂ ’ਚ ਲੇਬਰ ਅਤੇ ਹੋਰ ਅਮਲੇ ਦੀ ਚੈਕਿੰਗ ਲਈ ਸਰਗਰਮ

- ਅੰਤਰ ਜ਼ਿਲ੍ਹਾ ਨਾਕਿਆਂ ਉਤੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ
ਨਵਾਂਸ਼ਹਿਰ, 20 ਅਪਰੈਲ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੀ ਸਹਾਇਤਾ ਨਾਲ ਜ਼ਿਲ੍ਹੇ ’ਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ 19 ਟੀਮਾਂ ਨੂੰ ਮੰਡੀਆਂ ’ਚ ਲੇਬਰ ਅਤੇ ਹੋਰ ਅਮਲੇ ਦੀ ਸਿਹਤ ਜਾਂਚ ਲਈ ਸਰਗਰਮ ਕੀਤਾ ਗਿਆ ਹੈ।
ਇਹ ਟੀਮਾਂ ਜ਼ਿਲ੍ਹੇ ਦੀਆਂ 30 ਮੰਡੀਆਂ ਅਤੇ 21 ਆਰਜ਼ੀ ਮੰਡੀਆਂ ’ਚ ਰੋਜ਼ਾਨਾ ਜਾ ਕੇ ਕਣਕ ਦੀ ਸਾਂਭ-ਸੰਭਾਲ ’ਚ ਲੱਗੇ ਮਜ਼ਦੂਰਾਂ, ਫ਼ਸਲ ਲੈ ਕੇ ਆਉਂਦੇ ਕਿਸਾਨਾਂ, ਆੜ੍ਹਤੀਆਂ, ਉਨ੍ਹਾਂ ਦੇ ਤੋਲਿਆਂ ਅਤੇ ਮੁਨੀਮਾਂ ਦੀ ਜਾਂਚ ’ਚ ਲੱਗੀਆਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਜ਼ਿਲ੍ਹੇ ’ਚ ਕੋਵਿਡ-19 ਦੇ ਤੇਜ਼ੀ ਨਾਲ ਪੈਰ ਪਸਾਰਨ ਮਗਰੋਂ ਜ਼ਿਲ੍ਹੇ ਨੂੰ ‘ਰੈੱਡ ਜ਼ੋਨ’ ’ਚ ਰੱਖੇ ਜਾਣ ਅਤੇ ‘ਕੰਨਟੇਨਮੈਂਟ ਪਲਾਨ’ ਲਾਗੂ ਹੋਣ ਕਾਰਨ ਪ੍ਰਸ਼ਾਸਨ ਕਣਕ ਦੇ ਸੀਜ਼ਨ ਦੌਰਾਨ ਪੂਰੀ ਸਾਵਧਾਨੀ ਨਾਲ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲੇਬਰ ਦੀ ਜ਼ਿਲ੍ਹੇ ’ਚ ਆਮਦ ਨੂੰ ਦੂਜੇ ਜ਼ਿਲ੍ਹਿਆਂ ਨਾਲ ਲਗਦੇ ਕੇਵਲ ਨਾਕਿਆਂ (ਕਨੌਣ ਤੇ ਚੱਕਦਾਨਾ (ਲੁਧਿਆਣਾ), ਆਸਰੋਂ (ਰੂਪਨਗਰ), ਅਲਾਚੌਰ (ਹੁਸ਼ਿਆਰਪੁਰ) ਅਤੇ ਮੇਹਲੀ (ਜਲੰਧਰ, ਕਪੂਰਥਲਾ) ਰਾਹੀਂ ਹੀ ਸੀਮਤ ਕੀਤਾ ਗਿਆ ਹੈ। ਇਨ੍ਹਾਂ ਪੰਜ ਨਾਕਿਆਂ ’ਤੇ ਪੁਲਿਸ ਦੇ ਨਾਲ-ਨਾਲ ਸਿਹਤ ਵਿਭਾਗ ਦੀਆਂ ਟੀਮਾਂ ਬਿਠਾਈਆਂ ਗਈਆਂ ਹਨ, ਜੋ ਬਾਹਰੋਂ ਆਉਣ ਵਾਲੀ ਲੇਬਰ ਦਾ ਬਕਾਇਦਾ ਚੈਕਅਪ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਆਈਸੋਲੇਸ਼ਨ ’ਚ ਰੱਖੇ 18 ਮਰੀਜ਼ਾਂ ‘ਚੋਂ 17 ਦੇ ਸਿਹਤਯਾਬ ਹੋਣ ਬਾਅਦ ਅਤੇ ਜ਼ਿਲ੍ਹੇ ’ਚ 26 ਮਾਰਚ ਤੋਂ ਬਾਅਦ ਕੋਵਿਡ-19 ਦਾ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਦੇ ਬਾਵਜੂਦ, ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ, ਜਿਸ ਕਾਰਨ ਸੀਜ਼ਨ ਦੌਰਾਨ ਅਜਿਹੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਇਹ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਆ ਰਹੀ ਲੇਬਰ ’ਤੇ ਕੋਵਿਡ ਲੱਛਣਾਂ ਨੂੰ ਲੈ ਕੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਆੜ੍ਹਤੀਆਂ ਦੀ ਆਪਣੀ ਲੇਬਰ ਪ੍ਰਤੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ ਤਾਂ ਜੋ ਕਿਸੇ ’ਚ ਵੀ ਕੋਵਿਡ ਜਾਂ ਫ਼ਲੂ ਦਾ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਉਸ ਨੂੰ ਅਲਹਿਦਾ ਕਰਕੇ ਅਗਲੀ ਕਾਰਵਾਈ ਕੀਤੀ ਜਾ ਸਕੇ।
ਸ੍ਰੀ ਬਬਲਾਨੀ ਨੇ ਦੱਸਿਆ ਕਿ ਪਿੰਡਾਂ ’ਚ ਵੀ ਵਾਢੀ ਦੇ ਕੰਮ ’ਚ ਲੱਗੀ ਲੇਬਰ ਅਤੇ ਕੰਬਾਈਨ ਅਪਰੇਟਰਾਂ ਤੇ ਕੰਬਾਈਨ ਨਾਲ ਚੱਲਦੇ ਸਟਾਫ਼ ’ਚ ਕੋਵਿਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਣ ’ਤੇ ਤੁਰੰਤ ਨੇੜਲੇ ਹਸਪਤਾਲ ਜਾਂ ਖਰੀਦ ਸੀਜ਼ਨ ਲਈ ਵਿਸ਼ੇਸ਼ ਤੌਰ ’ਤੇ ਸਥਾਪਿਤ ਕੀਤੇ ਜ਼ਿਲ੍ਹਾ ਕੰਟਰੋਲ ਰੂਮ ਨੰਬਰਾਂ 01823-227478, 227479 ਅਤੇ 227480 ’ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।