Punjab
ਸ਼ੰਭੂ ਬਾਰਡਰ ‘ਤੇ ਗਰਮਾਇਆ ਮਾਹੌਲ , ਪੰਜਾਬ ਪੁਲਿਸ ਤੇ ਕਿਸਾਨ ਹੋਏ ਆਹਮੋ- ਸਾਹਮਣੇ
21 ਫਰਵਰੀ 2024 : ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ੰਭੂ ਸਰਹੱਦ ‘ਤੇ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਕਿਸਾਨ ਦੇ ਵੱਲੋਂ ਜੇ.ਸੀ.ਬੀ. ਅਤੇ ਪੋਕਲੇਨ ਮਸ਼ੀਨਾਂ ਰਾਹੀਂ ਬੈਰੀਕੇਡ ਤੋੜਨ ਦੀ ਤਿਆਰੀ ਕੀਤੀ ਗਈ ਹੈ। ਬੀਤੀ ਦੇਰ ਰਾਤ ਸ਼ੰਭੂ ਬਾਰਡਰ ‘ਤੇ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ।
ਜਾਣਕਾਰੀ ਅਨੁਸਾਰ ਪੰਜਾਬ ਦੇ ਡੀ.ਜੀ.ਪੀ. ਪੁਲੀਸ ਦੇ ਹੁਕਮਾਂ ’ਤੇ ਕਿਸਾਨਾਂ ਨੂੰ ਜੇ.ਸੀ.ਬੀ. ਅਤੇ ਪੋਕਲੇਨ ਮਸ਼ੀਨਾਂ ਨੂੰ ਸ਼ੰਭੂ ਸਰਹੱਦ ‘ਤੇ ਲਿਜਾਣ ਤੋਂ ਰੋਕਣ ਲਈ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਵਿੱਚ ਸ਼ੰਭੂ ਬਾਰਡਰ ਦੇ ਐਸ.ਐਚ.ਓ. ਅਮਨਪਾਲ ਸਿੰਘ ਵਿਰਕ ਅਤੇ ਮੁਹਾਲੀ ਦੇ ਐਸ.ਪੀ. ਜਗਵਿੰਦਰ ਸਿੰਘ ਚੀਮਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਹੈ ਅਤੇ ਉਨ੍ਹਾਂ ਨੇ ਦਿੱਲੀ ਦੇ ਮੋਰਚੇ ਨੂੰ ਫਤਹਿ ਕਰਨਾ ਹੈ। ਉਸ ਦਾ ਕਹਿਣਾ ਹੈ ਕਿ ਇਹ ਮਸ਼ੀਨਾਂ ਅੱਥਰੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਤੋਂ ਬਚਾਅ ਲਈ ਲਿਆਂਦੀਆਂ ਗਈਆਂ ਹਨ। ਦੂਜੇ ਪਾਸੇ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਹੋਏ ਹਨ।