Punjab
15 ਅਗਸਤ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੰਜਾਬ ਭਰ ‘ਚ ਜਾਰੀ ਕੀਤਾ ਗਿਆ ਹਾਈ ਅਲਰਟ

ਨਾਭਾ : 15 ਅਗਸਤ ਦੇ ਮੱਦੇਨਜ਼ਰ ਰੱਖਦਿਆਂ ਅਤੇ ਅੰਮ੍ਰਿਤਸਰ ਦੇ ਵਿੱਚ ਟਿਫਨ ਬੰਬ ਤੋ ਇਲਾਵਾ ਗੁਰਦਾਸਪੁਰ ਦੇ ਵਿੱਚ ਡਰੋਨ ਮਿਲਣ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਹਾਈ ਅਲਰਟ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦਿਆਂ ਨਾਭਾ ਪੁਲਿਸ ਵੀ ਹੁਣ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਨਾਭਾ ਦੇ ਡੀ.ਐੱਸ.ਪੀ ਰਾਜੇਸ਼ ਛਿੱਬਰ ਦੀ ਅਗਵਾਹੀ ਵਿੱਚ ਭਾਰੀ ਪੁਲਿਸ ਬਲ ਦੇ ਵੱਲੋਂ ਨਾਭਾ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਰੈਸਟੋਰੈਂਟ ਤੋਂ ਇਲਾਵਾ ਵੱਖ-ਵੱਖ ਰੂਟਾ ਤੇ ਚੱਲਣ ਵਾਲੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ।
15 ਅਗਸਤ ਨੂੰ ਲੈ ਕੇ ਜਿੱਥੇ ਅਤਿਵਾਦੀਆਂ ਦੀ ਪੈੜੀ ਨਜ਼ਰ ਪੰਜਾਬ ਤੇ ਰੱਖੀ ਜਾ ਰਹੀ ਹੈ ਉਥੇ ਹੀ ਪੁਲਸ ਵੀ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਨਾਭਾ ਵਿਖੇ ਪੁਲਿਸ ਵੱਲੋਂ ਅਚਨਚੇਤ ਰੇਲਵੇ ਸਟੇਸ਼ਨ, ਬੱਸ ਸਟੈਂਡ, ਰੈਸਟੋਰੈਂਟਾਂ ਅਤੇ ਹਰ ਇੱਕ ਵਹੀਕਲ ਦੀ ਚੈਕਿੰਗ ਕੀਤੀ ਗਈ। ਨਾਭਾ ਦੇ ਰੈਸਟੋਰੈਂਟ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਕਿਸੇ ਨੂੰ ਵੀ ਬਿਨਾਂ ਪਰੂਫ਼ ਤੋਂ ਹੋਟਲਾਂ ਵਿੱਚ ਕਮਰਾ ਨਾ ਦੇਣ। ਪੁਲਸ ਵੱਲੋਂ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਵੀ ਨਾਕਾਬੰਦੀ ਵੀ ਪੂਰੀ ਤਰ੍ਹਾਂ ਵਧਾ ਦਿੱਤੀ ਗਈ ਹੈ।
ਇਸ ਮੌਕੇ ਤੇ ਨਾਭਾ ਦੇ ਡੀ.ਐਸ.ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਇੱਥੇ ਪੰਜਾਬ ਵਿੱਚ ਵੱਖ-ਵੱਖ ਅਤਿਵਾਦੀਆਂ ਦੀਆਂ ਗਤੀਵਿਧੀਆਂ ਲਗਾਤਾਰ ਵਧ ਰਹੀ ਹੈ ਉਸ ਨੂੰ ਵੇਖਦੇ ਹੋਏ ਨਾਭਾ ਵਿਖੇ ਅਸੀਂ ਲਗਾਤਾਰ ਚੈਕਿੰਗ ਵੀ ਵਧਾ ਦਿੱਤੀ ਗਈ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਅਨਾਊਂਸਮੈਂਟ ਵੀ ਕਰ ਰਹੇ ਹਾਂ ਕਿ ਜੇਕਰ ਕੋਈ ਵੀ ਲਾਵਾਰਸ ਬੈਗ ਜਾਂ ਕੋਈ ਵੀ ਸ਼ੱਕੀ ਵਿਅਕਤੀ ਤੁਹਾਨੂੰ ਮਿਲਦਾ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ। ਡੀ.ਐੱਸ.ਪੀ ਛਿੱਬਰ ਨੇ ਕਿਹਾ ਕਿ ਅੱਜ ਅਸੀਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਵੱਖ-ਵੱਖ ਹੋਟਲਾਂ ਦੀ ਚੈਕਿੰਗ ਕਰ ਰਹੇ ਹਾਂ। ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ।