Punjab
HMEL ਨੇ ਹੋਣਹਾਰ ਵਿਦਿਆਰਥੀਆਂ ਨੂੰ ਵੰਡੇ ਨਕਦ ਵਜ਼ੀਫੇ, ਲੈਪਟਾਪ ਤੇ ਟੈਬ ਅਤੇ ਸਾਈਕਲ
ਐੱਚ.ਐੱਮ.ਈ.ਐੱਲ (HMEL) ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਤਲਵੰਡੀ ਸਾਬੋ ਦੇ 59 ਪਿੰਡਾਂ ਦੇ 113 ਸਕੂਲਾਂ ਨੂੰ ਗੋਦ ਲੈ ਕੇ ਸਿੱਖਿਆ ਦੇ ਖੇਤਰ ‘ਚ ਪਾਏ ਯੋਗਦਾਨ ਸਦਕਾ ਇਸ ਬਲਾਕ ਦੇ 47 ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ‘ਚ ਚੁਣਿਆ ਗਿਆ ਹੈ, ਜਦਕਿ ਬਾਕੀ ਵਿਦਿਆਰਥੀਆਂ ਨੂੰ ਸਾਲਾਨਾ ਸਕਾਲਰਸ਼ਿਪ ਸਕੀਮ ਤਹਿਤ ਨਕਦ ਵਜ਼ੀਫੇ ਦਿੱਤੇ ਜਾ ਰਹੇ ਹਨ। ਲੈਪਟਾਪ ਅਤੇ ਟੈਬ ਜ਼ਰੀਏ ਉਨ੍ਹਾਂ ‘ਚ ਪੈਦਾ ਹੋਈ ਮੁਕਾਬਲੇ ਦੀ ਭਾਵਨਾ ਨਾਲ ਵਿਦਿਆਰਥੀ ਹੁਣ ਸਾਇੰਸ, ਗਣਿਤ ਵਿਸ਼ਿਆਂ ‘ਚ ਵੀ ਅੱਗੇ ਵਧ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ਿਵਪਾਲ ਗੋਇਲ ਨੇ ਅੱਜ ਪਿੰਡ ਬੰਗੀ ਕਲਾਂ ਦੇ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿਖੇ ਸਕਾਲਰਸ਼ਿਪ ਵੰਡ ਸਮਾਰੋਹ ਦੌਰਾਨ ਕੀਤਾ। ਉਹ ਇੱਥੇ ਸਕੂਲ ਵਿਖੇ ਆਯੋਜਿਤ ਸਾਲਾਨਾ ਸਮਾਰੋਹ ਵਿੱਚ ਐੱਚ.ਐੱਮ.ਈ.ਐੱਲ ਦੁਆਰਾ ਵੰਡੀ ਗਈ ਸਕਾਲਰਸ਼ਿਪ ਸਕੀਮ ਤਹਿਤ 42 ਹੋਣਹਾਰ ਵਿਦਿਆਰਥੀਆਂ ਨੂੰ ਨਕਦ ਵਜ਼ੀਫੇ, ਲੈਪਟਾਪ ਅਤੇ ਟੈਬ ਵੰਡਣ ਆਏ ਸਨ ।
ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਸਕੀਮ ਤਹਿਤ ਬੱਚਿਆਂ ਵਿੱਚ ਪੈਦਾ ਹੋਈ ਮੁਕਾਬਲੇ ਦੀ ਭਾਵਨਾ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਕਰਦੀ ਹੈ, ਰਿਫਾਇਨਰੀ ਵੱਲੋਂ ਦਿੱਤੀ ਗਈ ਨਕਦ ਅਤੇ ਲੈਪਟਾਪ ਵੀ ਉਨ੍ਹਾਂ ਦੀ ਉੱਚ ਸਿੱਖਿਆ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਸ੍ਰੀ ਸ਼ਿਵਪਾਲ ਗੋਇਲ ਨੇ ਦੱਸਿਆ ਕਿ ਰਿਫਾਇਨਰੀ ਨੇ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਸੂਬਾ ਸਰਕਾਰ ਵੱਲੋਂ ਆਯੋਜਿਤ ਵਿੰਟਰ ਨੀਟ ਅਤੇ ਜੇਈਈ ਪ੍ਰਤੀਯੋਗੀ ਪ੍ਰੀਖਿਆ ਸਿਖਲਾਈ ਕੈਂਪ ਵਿੱਚ 20 ਸਮਾਰਟ ਐਲ.ਈ.ਡੀ ਪੈਨਲ ਦੇ ਕੇ ਸੂਬੇ ਭਰ ਦੇ 600 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨ ਵਿੱਚ ਸਹਾਇਤਾ ਕੀਤੀ ।
ਸਮਾਗਮ ਦੌਰਾਨ ਆਪਣੇ ਨਿੱਜੀ ਜੀਵਨ ਦੇ ਤਜਰਬੇ ਦੀ ਉਦਾਹਰਣ ਦਿੰਦਿਆਂ ਡੀਈਓ ਨੇ ਕਿਹਾ ਕਿ ਉਹ ਖੁਦ ਸਾਇੰਸ ਅਧਿਆਪਕ ਰਹੇ ਹਨ ਅਤੇ ਜਦੋਂ ਰਿਫਾਇਨਰੀ ਨੇ ਪਿੰਡ ਤਰਖਾਣਵਾਲਾ ਦੇ ਸਰਕਾਰੀ ਸਕੂਲ ਅਤੇ ਹੋਰ ਪਿੰਡਾਂ ਵਿੱਚ ਸਟੈਮ ਲੈਬ ਖੋਲ੍ਹੀ ਤਾਂ ਇਸ ਦੇ ਸਕਾਰਾਤਮਕ ਨਤੀਜੇ ਸਾਇੰਸ ਅਤੇ ਗਣਿਤ ਵਿਸ਼ਿਆਂ ਵਿੱਚ ਵਿਦਿਆਰਥੀਆਂ ਦੇ ਚੰਗੇ ਨਤੀਜੇ ਦੇ ਰੂਪ ਵਿੱਚ ਆਏ। ਨਤੀਜੇ ਵਜੋਂ ਬੰਗੀ ਕਲਾਂ ਸਕੂਲ ਆਫ਼ ਐਮੀਨੈਂਸ ਵਿਖੇ ਸਾਲ 2034-24 ਦੇ ਸੈਸ਼ਨ ਵਿੱਚ ਬਾਰ੍ਹਵੀਂ ਜਮਾਤ ਦੇ 37 ਵਿਦਿਆਰਥੀਆਂ ਨੂੰ ਰਿਫਾਇਨਰੀ ਤੋਂ ਨਕਦ ਵਜ਼ੀਫੇ ਅਤੇ ਦਸਵੀਂ ਜਮਾਤ ਦੇ 5 ਵਿਦਿਆਰਥੀਆਂ ਨੂੰ ਨਕਦ ਵਜ਼ੀਫੇ ਮਿਲੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਵਿੰਦਰ ਗੋਇਲ, ਮਾਰਕੀਟ ਕਮੇਟੀ ਦੇ ਚੇਅਰਮੈਨ ਟੇਕ ਸਿੰਘ ਬੰਗੀ, ਸਕੂਲ ਮੈਨੇਜਮੈਂਟ ਕਮੇਟੀ ਬਲਜਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਅਤੇ ਰਿਫਾਇਨਰੀ ਦੇ ਡੀਜੀਐਮ ਸੀਐਸਆਰ ਵਿਸ਼ਵਮੋਹਨ ਪ੍ਰਸਾਦ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਸਕਾਲਰਸ਼ਿਪ ਸਕੀਮ ਤਹਿਤ ਪਹਿਲੇ ਵਿਦਿਆਰਥੀਆਂ ਨੂੰ 75,000 ਰੁਪਏ, ਅਤੇ ਦੂਜੇ ਨੂੰ 65,000, ਤੀਜੇ ਨੂੰ 55,000 ਰੁਪਏ ਅਤੇ ਚੌਥੇ ਅਤੇ ਚੌਥੇ ਵਿਦਿਆਰਥੀਆਂ ਨੂੰ 40,000 ਰੁਪਏ ਨਕਦ ਸਕਾਲਰਸ਼ਿਪ ਦਿੱਤੀ ਜਾਂਦੇ ਹਨ, ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲਿਆਂ ਨੂੰ ਲੈਪਟਾਪ ਦਿੱਤੇ ਜਾਂਦੇ ਹਨ। ਹੁਣ ਤੱਕ ਰਿਫਾਇਨਰੀ ਨੇ 1500 ਤੋਂ ਵੱਧ ਵਿਦਿਆਰਥੀਆਂ ਨੂੰ ਨਕਦ ਸਕਾਲਰਸ਼ਿਪ ਵੰਡੀ ਹੈ, ਜਦੋਂ ਕਿ 16,000 ਵਿਦਿਆਰਥੀਆਂ ਨੂੰ ਸਾਈਕਲ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹਰ ਸਾਲ 21,000 ਵਿਦਿਆਰਥੀਆਂ ਨੂੰ ਸਕੂਲ ਬੈਗ, ਵਰਦੀਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।