Connect with us

Punjab

ਪੁਲਿਸ ਮੁਲਾਜ਼ਮਾਂ ਲਈ “Home away from Home” ਫੈਸਿਲਟੀ ਕੀਤੀ ਜਾਵੇਗੀ ਸਥਾਪਤ

Published

on

ਕੋਵਿਡ-19 ਵਿਰੁੱਧ ਮੁਹਰਲੀ ਕਤਾਰ ‘ਚ ਡਟੇ ਪੰਜਾਬ ਪੁਲਿਸ ਦੇ ਜਵਾਨਾਂ ਲਈ ਹੁਣ ਜਿੱਥੇ ਉਹ ਡਿਊਟੀ ਕਰ ਰਹੇ ਹਨ,ਉਨ੍ਹਾਂ ਜ਼ਿਲ੍ਹਿਆਂ ‘ਚ ‘ਹੋਮ ਅਵੇ ਫਰਾਮ ਹੋਮ’ ਫੈਸਿਲਟੀ ਸਥਾਪਤ ਕੀਤੀ ਜਾਵੇਗੀ, ਜਿੱਥੇ ਸੰਭਾਵਤ/ ਸ਼ੱਕੀ ਇਨਫੈਕਸ਼ਨ ਦੇ ਮਾਮਲੇ ‘ਚ ਹੋਮ ਕੁਆਰੰਟਾਈਨ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਉਪਲੱਬਧ ਹੋਣਗੀਆਂ।
ਮੁੁਹਰਲੀ ਕਤਾਰ ‘ਚ ਖੜ੍ਹ ਕੇ ਉੱਚ ਜੋਖ਼ਮ ਵਾਲੀਆਂ ਥਾਵਾਂ ‘ਤੇ ਡਿਊਟੀ ਕਰ ਰਹੇ ਸਾਰੇ ਪੁਲਸ ਕਰਮਚਾਰੀਆਂ ਦੀ ਕਿਸੇ ਵੀ ਇਨਫੈਕਸ਼ਨ ਤੋਂ ਸੰਪੂਰਨ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਸਾਰੇ ਸੁਰੱਖਿਆ ਉਪਕਰਨ (ਫੁੱਲ ਬਾਡੀ ਪ੍ਰੋਟੈਕਟਿਕ ਵੀਅਰ) ਜਿਵੇਂ ਪੀ.ਪੀ.ਈ., ਐੱਨ-95 ਤੇ ਟ੍ਰਿਪਲ ਲੇਅਰ ਮਾਸਕ ਤੇ ਦਸਤਾਨੇ ਵੀ ਮੁਹੱਈਆ ਕਰਵਾਏ ਜਾਣਗੇ।
ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਜ਼ਿਲ੍ਹੇ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ‘ਚ ਕਿਸੇ ਵੀ ਫਲੂ ਜਾਂ ਕੋਵਿਡ ਜਿਹੇ ਲੱਛਣਾਂ ਦੀ ਜਲਦੀ ਪਛਾਣ ਲਈ ਪ੍ਰਭਾਵਸ਼ਾਲੀ ਉਪਾਅ ਕਰਨ ਤਾਂ ਜੋ ਉਨ੍ਹਾਂ ਦੀ ਜਲਦੀ ਸੰਭਾਲ, ਇਲਾਜ ਤੇ ਆਰਾਮ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਅਹਿਮ ਫੈਸਲੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਸੂਬੇ ‘ਚ ਸਥਿਤੀ ਦਾ ਜਾਇਜ਼ਾ ਲੈਣ ਲਈ ਸਾਰੇ ਜ਼ਿਲ੍ਹਾ ਪੁਲਸ ਮੁਖੀਆਂ ਤੇ ਰੇਂਜਾਂ ਦੇ ਆਈ. ਜੀ./ਡੀ. ਆਈ. ਜੀ. ਨਾਲ ਇਕ ਵੀਡੀਓ ਕਾਨਫਰੰਸ ਦੌਰਾਨ ਲਏ ਗਏ ਕਿਉਂਕਿ ਦੇਸ਼ ਵਿਆਪੀ ਤਾਲਾਬੰਦੀ ਦਾ ਦੂਜਾ ਪੜਾਅ ਸੋਮਵਾਰ ਸਵੇਰ ਤੋਂ ਅਮਲ ‘ਚ ਆ ਗਿਆ ਹੈ। ਮੀਟਿੰਗ ‘ਚ ਸਟੇਟ ਹੈੱਡਕੁਆਰਟਰ ਦੇ ਅਹੁਦੇਦਾਰਾਂ, 7 ਏ. ਡੀ. ਜੀ. ਪੀਜ਼ ਜਿਨ੍ਹਾਂ ਨੂੰ ਜ਼ਿਲ੍ਹਾ ਪੁਲਸ ਦੇ ਕੰਮਕਾਜ ਤੇ ਕੋਵਿਡ ਸੰਕਟ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੇ ਅਮਲ ਦੀ ਨਿਗਰਾਨੀ ਕਰਨ ਲਈ ਪੁਲਸ ਰੇਂਜਾਂ ਦਾ ਇੰਚਾਰਜ ਲਗਾਇਆ ਗਿਆ ਹੈ, ਵੀ ਹਾਜ਼ਰ ਸਨ।