National
ਡਾਕੂ ਦਾ ਪੋਤਾ ਕਿਵੇਂ ਬਣਿਆ IAS? ਅਖ਼ਬਾਰਾਂ ਵੰਡਣ ਵਾਲੇ ਤੇ ਰੇਹੜੀ ਲਾਉਣ ਵਾਲਿਆਂ ਦੇ ਬੱਚੇ ਵੀ IAS ਲਈ ਟੈਸਟ ਪਾਸ ਕਰ ਗਏ

ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ। ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ‘ਤੇ ਤਖ਼ਤੀ ਲੱਗਦੀ ਓਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਸਫਰਾਂ ਦਾ। ਪ੍ਰਸਥਿਤੀ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ ਹਿੰਮਤੀ ਇਨਸਾਨ ਮੱਲ੍ਹਾਂ ਮਾਰ ਹੀ ਲੈਂਦੇ ਹਨ। ਹਾਲ ਹੀ ਵਿੱਚ UPSC ਦਾ ਟੈਸਟ ਪਾਸ ਕਰਕੇ ਕੁੱਝ ਅਜਿਹੇ ਨੌਜਵਾਨ IAS ਅਫ਼ਸਰ ਬਣਨ ਦੀ ਮੰਜਿਲ ‘ਤੇ ਪੁੱਜੇ ਹਨ ਜਿਨ੍ਹਾਂ ਅੱਗੇ ਪ੍ਰਸਥਿਤੀਆਂ ਦੇ ਵੱਡੇ ਵੱਡੇ ਰੋੜੇ ਸਨ । ਪਰ ਇਨ੍ਹਾਂ ਨੌਜਵਾਨਾਂ ਇਨ੍ਹਾਂ ਰੋੜਿਆਂ ਦੀਆਂ ਪੌੜੀਆਂ ਬਣਾ ਕੇ ਮੰਜਿਲ ਪਾ ਲਈ ਹੈ।
ਮੱਧ ਪ੍ਰਦੇਸ਼ ਦੇ ਦੇਵ ਨੇ UPSC ਦੇ ਇਮਤਿਹਾਨ ਵਿੱਚੋਂ 629ਵਾਂ ਰੈਂਕ ਹਾਸਲ ਕੀਤਾ ਹੈ। ਦੇਵ ਨਾਮੀ ਡਾਕੂ ਰਾਮਗੋਵਿੰਦ ਸਿੰਘ ਤੋਮਰ ਦਾ ਪੋਤਾ ਹੈ। ਰਮਗੋਵਿੰਦ ਸਿੰਘ ਤੋਮਰ ਬਾਗ਼ੀ ਹੋ ਕੇ ਚੰਬਲ ਦਾ ਡਾਕੂ ਬਣ ਗਿਆ ਸੀ। ਦੇਵ ਦੇ ਪਿਤਾ ਬਲਬੀਰ ਸਿੰਘ ਤੋਮਰ ਨੇ ਸੰਸਕ੍ਰਿਤ ਵਿੱਚ ਪੀ ਐੱਚ ਡੀ ਕੀਤੀ ਤੇ ਉਹ ਪ੍ਰਿੰਸੀਪਲ ਬਣੇ। ਦੇਵ ਉੱਚ ਵਿੱਦਿਆ ਹਾਸਲ ਕਰਕੇ ਨੀਦਰਲੈਂਡ ਵਿੱਚ ਫਿਲਿਪਸ ਕੰਪਨੀ ਦੇ ਹੈੱਡ ਕਵਾਟਰ ਵਿੱਚ 88 ਲੱਖ ਸਾਲਾਨਾ ਦੀ ਵਧੀਆ ਤਨਖ਼ਾਹ ਤੇ ਵਿਗਿਆਨੀ ਵਜੋਂ ਨੌਕਰੀ ਲੱਗ ਗਿਆ ਲੇਕਿਨ ਉਸਦੀ ਅਸਲੀ ਮੰਜਿਲ IAS ਅਫ਼ਸਰ ਬਣਨਾ ਸੀ ਅਤੇ ਉਹ ਮੰਜਿਲ ਉਹਨੇ ਪਾ ਹੀ ਲਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਦੇਵ ਕਿਹਾ ਕਿ ਉਸਨੂੰ ਲੋਕ ਮੇਹਣੇ ਮਾਰਦੇ ਸਨ ਕਿ ਤੇਰਾ ਦਾਦਾ ਡਾਕੂ ਸੀ ਤੂੰ ਕੁੱਝ ਨਹੀਂ ਕਰ ਸਕਦਾ। ਉਸਨੇ ਇਹ ਵੀ ਕਿਹਾ ਕਿ ਇਹ ਸਭ ਉਸਦੇ ਮਾਤਾ ਦੇ ਉਤਸ਼ਾਹ ਦੇਣ ਨਾਲ ਹੋਇਆ ਹੈ।
ਇਸੇ ਤਰ੍ਹਾਂ ਹੀ ਰਾਜਸਥਾਨ ਦੇ ਨੇਤਰਹੀਣ ਮਨੂੰ ਗਰਗ ਨੇ UPSC ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਂ ਪਿਓ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਨੌਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਮਨੂੰ ਦੀ ਨਜ਼ਰ ਚਲੀ ਗਈ। ਉਸ ਤੋਂ ਬਾਅਦ ਉਹ ਆਧੁਨਿਕ ਤਕਨੀਕ ਨਾਲ ਪੜ੍ਹਾਈ ਕਰਦਾ ਰਿਹਾ ਅਤੇ ਉਸਦੀ ਮਾਤਾ ਨੇ ਉਸਨੂੰ ਪੜ੍ਹਾਉਣ ਵਿੱਚ ਅਹਿਮ ਯੋਗਦਾਨ ਪਾਇਆ। ਮਨੂੰ ਨੂੰ UPSC ਟੈਸਟ ਵਿੱਚੋਂ 91 ਵਾਂ ਰੈਂਕ ਪ੍ਰਾਪਤ ਹੋਇਆ ਹੈ । ਝਾਰਖੰਡ ਦੇ ਰਾਜਕੁਮਾਰ ਮਹਿਤੋ ਨੇ ਗ਼ਰੀਬੀ ਦੀ ਦਲਦਲ ਵਿੱਚ ਹੁੰਦਿਆਂ ਹੋਇਆਂ ਵੀ ਆਪਣੀ ਮਿਹਨਤ ਅਤੇ ਹਿੰਮਤ ਨਾਲ UPSC ਦਾ ਸਰਵਉਚ ਇਮਤਿਹਾਨ ਪਾਸ ਕਰ ਲਿਆ ਹੈ ਅਤੇ ਉਸਨੂੰ 557 ਵਾਂ ਰੈਂਕ ਪ੍ਰਾਪਤ ਹੋਇਆ ਹੈ। ਰਾਜਕੁਮਾਰ ਦੇ ਪਿਤਾ ਰਾਮਪਦ ਲੋਕਾਂ ਦੇ ਘਰਾਂ ਵਿੱਚ ਅਖ਼ਬਾਰਾਂ ਵੰਡਣ ਦਾ ਕੰਮ ਕਰਦੇ ਹਨ। ਰਾਜਕੁਮਾਰ ਨੇ ਇਸ ਪ੍ਰਤਿਸ਼ਠਿਤ ਟੈਸਟ ਦੀ ਤਿਆਰੀ ਆਨਲਾਈਨ ਹੀ ਕੀਤੀ ਹੈ। ਗੁਜਰਾਤ ਦੇ 30 ਸਾਲਾ ਨੌਜਵਾਨ ਅੰਕਿਤ ਨੇ ਵੀ ਇਹ ਸਰਵੋਤਮ ਇਮਤਿਹਾਨ ਪਾਸ ਕਰ ਲਿਆ ਹੈ ਅਤੇ ਉਸਨੂੰ 607 ਵਾਂ ਰੈਂਕ ਪ੍ਰਾਪਤ ਹੋਇਆ ਹੈ। ਅੰਕਿਤ ਦਾ ਪਿਤਾ ਐੱਲ ਆਈ ਸੀ ਵਿੱਚ ਚਪੜਾਸੀ ਹੈ ਤੇ ਮਾਤਾ ਰੇੜ੍ਹੀ ਉੱਪਰ ਖਿਡੌਣੇ ਵੇਚਦੀ ਹੈ।
ਬਿਹਾਰ ਦੇ ਬਕਸਰ ਦੇ ਰਹਿਣ ਵਾਲੇ ਹੇਮੰਤ ਮਿਸ਼ਰਾ ਜੋ ਟਰੇਨੀ ਐੱਸ ਡੀ ਐਮ ਹਨ ਨੇ ਪਹਿਲੀ ਵਾਰ ਵਿੱਚ ਹੀ UPSC ਦਾ ਟੈਸਟ ਪਾਸ ਕਰ ਲਿਆ ਹੈ। ਹੇਮੰਤ ਦੇ ਪਿਤਾ ਸਿੱਖਿਆ ਵਿਭਾਗ ਵਿੱਚ ਏ ਪੀ ਓ ਹਨ ਅਤੇ ਮਾਤਾ ਅਧਿਆਪਕਾ ਹੈ। ਇਸੇ ਤਰ੍ਹਾਂ ਅਸ਼ੀਸ਼ ਰਘੁਵੰਸ਼ੀ ਨੇ ਵੀ ਪਹਿਲੀ ਵਾਰ ਵਿੱਚ ਹੀ ਇਹ ਟੈਸਟ ਪਾਸ ਕਰ ਲਿਆ ਹੈ। ਅਸ਼ੀਸ਼ ਨੂੰ 202 ਵਾਂ ਰੈਂਕ ਹਾਸਲ ਹੋਇਆ ਹੈ। ਅਸ਼ੀਸ਼ ਦੇ ਪਿਤਾ ਨਰੇਸ਼ I AS ਅਫ਼ਸਰ ਹਨ। ਇਸ ਟੈਸਟ ਵਿੱਚੋਂ ਹਰਿਆਣਾ ਦੇ ਪੰਜ ਅਤੇਪੰਜਾਬ ਦੇ ਸੱਤ ਨੌਜਵਾਨ ਪਾਸ ਹੋਏ ਹਨ। ਖੰਨਾ ਨੇੜਲੇ ਪਿੰਡ ਭੁਮੱਦੀ ਦੇ I AS ਅਫ਼ਸਰ ਜਗਮੋਹਨ ਸਿੰਘ ਦਾ ਬੇਟਾ ਜਸਕਰਨ ਸਿੰਘ IAS ਬਣ ਗਿਆ ਹੈ। ਜਸਕਰਨ ਸਿੰਘ ਨੂੰ 240ਵਾਂ ਰੈਂਕ ਹਾਸਲ ਹੋਇਆ ਹੈ।ਉਸਦੀ ਉਮਰ 25 ਸਾਲ ਹੈ ਤੇ 23 ਸਾਲ ਦੀ ਉਮਰ ਵਿੱਚ ਉਸਨੇ IRS ਦਾ ਇਮਤਿਹਾਨ ਪਾਸ ਕਰ ਲਿਆ ਸੀ। ਇਨ੍ਹਾਂ ਨੌਜਵਾਨਾਂ ਦੀ ਸਫ਼ਲਤਾ ਤੋਂ ਨੌਜਵਾਨਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜਿਲ ਪਾਉਣੀ ਮੁਸ਼ਕਲ ਨਹੀਂ ਹੁੰਦੀ।