Connect with us

National

ਮਰਹੂਮ PM ਅਟਲ ਬਿਹਾਰੀ ਵਾਜਪਾਈ ਤੇ ਮਨਮੋਹਨ ਸਿੰਘ ਦੋਵੇਂ ਕਿਵੇਂ ਬਣੇ ਸਨ ਚੰਗੇ ਦੋਸਤ ?

Published

on

26 ਦਸੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਦਿੱਲੀ ਦੇ ਨਿਗਮਬੋਧ ਘਾਟ ‘ਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਡਾ. ਮਨਮੋਹਨ ਸਿੰਘ ਭਾਰਤ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿਣ ਵਾਲਿਆਂ ‘ਚੋਂ ਇੱਕ ਸਨ। ਦੱਸ ਦੇਈਏ ਕਿ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਡਾ. ਮਨਮੋਹਨ ਸਿੰਘ ਵਿਚਾਲੇ ਇੰਨੀ ਨੇੜਤਾ ਕਿਵੇਂ ਵਧੀ ਸੀ, ਇਸ ਸਬੰਧੀ ਇਕ ਕਿੱਸਾ ਮਸ਼ਹੂਰ ਹੈ।

ਅਟਲ ਬਿਹਾਰੀ ਵਾਜਪਾਈ ਤੇ ਡਾ. ਮਨਮੋਹਨ ਸਿੰਘ ਵਿਚਾਲੇ ਕਿਵੇਂ ਵਧੀ ਸੀ ਨੇੜਤਾ-
ਦਰਅਸਲ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਦੇਸ਼ ਦੇ ਵਿੱਤ ਮੰਤਰੀ ਵੀ ਸਨ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਸਰਕਾਰ ‘ਚ ਵਿੱਤ ਮੰਤਰੀ ਬਣਾਇਆ ਗਿਆ ਸੀ। ਵਿੱਤ ਮੰਤਰੀ ਬਣਨ ਤੋਂ ਬਾਅਦ ਜਦੋਂ ਉਨ੍ਹਾਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਤਾਂ ਵਿਰੋਧੀ ਧਿਰ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ, ਜਿਸ ਕਾਰਨ ਉਹ ਇੰਨੇ ਦੁਖੀ ਸਨ ਕਿ ਉਨ੍ਹਾਂ ਨੇ ਮੰਤਰੀ ਦਾ ਅਹੁਦਾ ਛੱਡਣ ਦਾ ਫੈਸਲਾ ਕਰ ਲਿਆ ਸੀ, ਜਿਵੇਂ ਹੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਅਟਲ ਜੀ ਨੂੰ ਫੋਨ ‘ਤੇ ਜਾਣਕਾਰੀ ਦਿੱਤੀ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਅਟਲ ਜੀ ਖੁਦ ਉਨ੍ਹਾਂ ਨੂੰ ਮਿਲੇ ਤੇ ਉਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਆਲੋਚਨਾ ਸਿਆਸੀ ਸੀ। ਇਸ ਨੂੰ ਬਿਲਕੁਲ ਵੀ ਕਿਸੇ ਹੋਰ ਐਂਗਲ ਤੋਂ ਨਾ ਲਓ। ਹਾਲਾਂਕਿ ਇਸ ਤੋਂ ਬਾਅਦ ਅਟਲ ਜੀ ਅਤੇ ਮਨਮੋਹਨ ਦੋਵੇਂ ਚੰਗੇ ਦੋਸਤ ਬਣ ਗਏ। ਦੋਵਾਂ ਦੇ ਰਿਸ਼ਤੇ ਵਿੱਚ ਇਹ ਨਿੱਘ ਬਾਅਦ ਵਿੱਚ ਦੇਖਣ ਨੂੰ ਮਿਲੀ। ਬਾਅਦ ‘ਚ ਜਦੋਂ ਅਟਲ ਜੀ ਬਿਮਾਰੀ ਤੋਂ ਪੀੜਤ ਸਨ ਤਾਂ ਡਾ. ਮਨਮੋਹਨ ਸਿੰਘ ਵੀ ਉਨ੍ਹਾਂ ਨੂੰ ਨਿਯਮਿਤ ਤੌਰ ‘ਤੇ ਮਿਲਣ ਆਉਣ ਵਾਲਿਆਂ ਵਿੱਚ ਸ਼ਾਮਲ ਸਨ।

PM ਮੋਦੀ ਵੱਲੋਂ ਡਾ. ਮਨਮੋਹਨ ਸਿੰਘ ਦੀ ਤਾਰੀਫ਼-
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਡਿਊਟੀ ਪ੍ਰਤੀ ਲਗਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੁਰੀਦ ਸਨ। ਹਾਲ ਹੀ ‘ਚ ਰਾਜ ਸਭਾ ਤੋਂ ਆਪਣੇ ਕਾਰਜਕਾਲ ਦੀ ਸਮਾਪਤੀ ਦੇ ਮੌਕੇ ‘ਤੇ ਦਿੱਤੇ ਜਾ ਰਹੇ ਵਿਦਾਇਗੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਖਚਾਖਚ ਭਰੇ ਸਦਨ ‘ਚ ਨਾ ਸਿਰਫ ਉਨ੍ਹਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਸਗੋਂ ਸੰਸਦ ਮੈਂਬਰਾਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਵੀ ਕਿਹਾ ਸੀ। ਪੀ.ਐਮ. ਮੋਦੀ ਨੇ ਕਿਹਾ ਸੀ ਕਿ ਹਾਲ ਹੀ ‘ਚ ਉਹ ਇਕ ਬਿੱਲ ‘ਤੇ ਵੋਟਿੰਗ ਦੌਰਾਨ ਵ੍ਹੀਲ ਚੇਅਰ ‘ਤੇ ਬੈਠ ਕੇ ਸਦਨ ‘ਚ ਆਏ ਸਨ। ਇਹ ਜਾਣਦੇ ਹੋਏ ਵੀ ਕਿ ਬਿੱਲ ਵਿਚ ਸੱਤਾਧਾਰੀ ਪਾਰਟੀ ਦੀ ਜਿੱਤ ਯਕੀਨੀ ਹੈ। ਉਹ ਇਸ ਗੱਲ ਦੀ ਮਿਸਾਲ ਸਨ ਕਿ ਇਕ ਸੰਸਦ ਮੈਂਬਰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਕਿੰਨਾ ਸੁਚੇਤ ਹੈ। ਇੰਨਾ ਹੀ ਨਹੀਂ ਉਹ ਵੀਲ੍ਹ ਚੇਅਰ ‘ਤੇ ਬੈਠ ਕੇ ਕਮੇਟੀ ਚੋਣਾਂ ‘ਚ ਆਉਂਦੇ ਸਨ।

ਕੁਝ ਸਮਾਂ ਯੂਜੀਸੀ ਦੇ ਚੇਅਰਮੈਨ ਵੀ ਰਹੇ-
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਛਾਣ ਬੇਸ਼ੱਕ ਦੇਸ਼ ਦੇ ਅਰਥਸ਼ਾਸਤਰੀ ਦੇ ਰੂਪ ‘ਚ ਹੁੰਦੀ ਹੋਵੇ ਪਰ ਉਹ ਇਕ ਸਿੱਖਿਆ ਮਾਹਿਰ ਵੀ ਸਨ। ਉਨ੍ਹਾਂ ਕੁਝ ਸਮੇਂ ਤਕ ਪੰਜਾਬ ਯੂਨੀਵਰਸਿਟੀ ‘ਚ ਪੜ੍ਹਾਉਣ ਦਾ ਕੰਮ ਵੀ ਕੀਤਾ ਸੀ। ਬਾਅਦ ‘ਚ 1991 ‘ਚ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੇ ਚੇਅਰਮੈਨ ਵੀ ਰਹੇ। ਹਾਲਾਂਕਿ, ਉਹ ਇਸ ਅਹੁਦੇ ‘ਤੇ ਥੋੜ੍ਹੇ ਸਮੇਂ ਲਈ ਰਹੇ, ਕਿਉਂਕਿ ਇਸ ਤੋਂ ਬਾਅਦ ਹੀ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਆਪਣੀ ਕੈਬਨਿਟ ‘ਚ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਸੀ।