Connect with us

India

ਆਖਿਰੀ ਪੜਾਅ ‘ਤੇ ਖੜ੍ਹੇ ਸ਼ਖਸ ਨੂੰ ਕਿੰਨੀ ਮਿਲੀ ਆਜ਼ਾਦੀ?

Published

on

77 ਸਾਲਾਂ ਦੀ ਅਜ਼ਾਦੀ ਚ ਅੱਧੀ ਆਬਾਦੀ ਦੀ ਅਜ਼ਾਦੀ ਦਾ ਜ਼ਿਕਰ ਕਰੀਏ ਤਾਂ ਕੁੱਝ ਕੁ ਨਾਂ ਹਰ ਖੇਤਰ ਚੋਂ ਗਿਣਾਏ ਜਾਂਦੇ ਨੇ। ਖੇਡ ਦੀ ਦੁਨੀਆ ਤੋਂ ਸਿਆਸੀ ਸਫਿਆਂ ਤੱਕ, ਮਹਿਲਾਵਾਂ ਦੀ ਸ਼ਮੂਲੀਅਤ ਅਤੇ ਸਿਖਰ ਛੂਹਣ ਦੀ ਕਾਬਿਲੀਅਤ ਦੀ ਚਰਚਾ ਹੁੰਦੀ ਹੈ। ਦਾਅਵੇਦਾਰੀ ਇਹ ਵੀ ਹੈ ਕਿ ਵੱਡੀ ਗਿਣਤੀ ਮਹਿਲਾਵਾਂ, ਕੁੜੀਆਂ ਆਪਣੀ ਕਿਸਮਤ ਆਪਣੇ ਹੱਥੀਂ ਲਿਖਣ ਦੀ ਬੁੱਕਤ ਰੱਖਦੀਆਂ ਨੇ। ਬਹੁਤੇ ਮਾਮਲਿਆਂ ਚ ਦੇਖੀਏ ਤਾਂ ਇਹ ਸੱਚ ਵੀ ਜਾਪਦਾ ਹੈ। ਪਰ ਇਸੇ ਵਿਚਾਲੇ ਦੇਸ਼ ਦੇ ਹੀ ਇੱਕ ਸੂਬੇ ਚ ਇੱਕ ਹਸਪਤਾਲ ਦੇ ਸੈਮੀਨਾਰ ਰੂਮ ਚ ਸਮੂਹਿਕ ਜ਼ਬਰਜਿਨ੍ਹਾਂ ਦੀ ਸ਼ਿਕਾਰ ਅਤੇ ਕਤਲ ਕਰ ਦਿੱਤੀ ਗਈ

ਗਗਨਦੀਪ ਚੌਹਾਨ (ਨਿਊਜ਼ ਡਾਇਰੈਕਟਰ, ਵਰਲਡ ਪੰਜਾਬੀ ਟੀਵੀ)

77 ਸਾਲਾਂ ਦੀ ਅਜ਼ਾਦੀ ਦੇ ਮਾਇਨੇ-
ਦੇਸ਼ ਨੂੰ ਅਜ਼ਾਦ ਹੋਇਆਂ 77 ਵਰ੍ਹੇ ਹੋਏ ਅਤੇ 78ਵਾਂ ਅਜ਼ਾਦੀ ਦਿਹਾੜਾ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਗਿਆ। ਸੂਬਿਆਂ ਦੀਆਂ ਸਰਕਾਰਾਂ ਦੇ ਸਮਾਗਮਾਂ ਤੋਂ ਕੇਂਦਰ ਪੱਧਰ ਦੇ ਮੁੱਖ ਸਮਾਗਮ ਤੱਕ ਹਰ ਪਾਸੇ ਦੇਸ਼ ਅਤੇ ਸੂਬਿਆਂ ਦੇ ਮੁਖੀਆਂ ਨੇ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ। ਖੁਦ ਨੂੰ ਪਹਿਲੀਆਂ ਸਰਕਾਰਾਂ ਨਾਲੋਂ ਬਿਹਤਰ ਦੱਸਿਆ ਅਤੇ ਜਿਹੜੇ ਸੂਬਿਆਂ ਚ ਆਉਂਦੇ ਦਿਨਾਂ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉੱਥੇ ਕੁੱਝ ਖ਼ਾਸ ਐਲਾਨ ਕਰਕੇ ਆਮ ਲੋਕਾਂ ਨੂੰ ਇਹ ਦੱਸਣ ਦੀ ਪੁਰਜ਼ੋਰ ਕੋਸ਼ਿਸ਼ ਹੋਈ ਕਿ ਮੌਜੂਦਾ ਸਰਕਾਰ ਨੇ ਹੀ ਸਭ ਤੋਂ ਸ਼ਾਨਦਾਰ ਕੰਮ ਕੀਤਾ ਹੈ। ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮਾਂ ‘ਚ ਸ਼ਿਰਕਤ ਕੀਤੀ। ਦੇਸ਼ ਭਗਤੀ ਦੇ ਗੀਤ ਗਾਏ, ਆਪੋ-ਆਪਣੇ ਖੇਤਰ ਦੇ ਲੋਕ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਬੱਚਿਆਂ ਚ ਇਨਾਮ ਤਕਸੀਮ ਹੋਏ, ਮਠਿਆਈਆਂ ਵੰਡੀਆਂ ਗਈਆਂ ਅਤੇ ਅਜ਼ਾਦੀ ਦਿਹਾੜੇ ਦਾ ਸਮਾਗਮ ਨੇਪਰੇ ਚੜ੍ਹ ਗਿਆ। ਰੰਗ ਹਰ ਥਾਂ ਤੇ ਵੱਖਰੇ, ਤਕਰੀਰਾਂ ਖੇਤਰਾਂ ਦੇ ਮੁਤਾਬਿਕ ਵੱਖ-ਵੱਖ। ਪਰ ਦੇਸ਼ ਦੇ ਆਮ ਵਸਨੀਕ ਲਈ ਅਜ਼ਾਦੀ ਦਿਹਾੜਾ ਕੀ ਲੈ ਕੇ ਆਇਆ? ਇਸ ਸਵਾਲ ਦਾ ਜਵਾਬ ਅਜੇ ਵੀ ਲੱਭਿਆ ਜਾਣਾ ਬਾਕੀ ਹੈ।

ਅੱਧੀ ਆਬਾਦੀ ਦੀ ਅਜ਼ਾਦੀ-

77 ਸਾਲਾਂ ਦੀ ਅਜ਼ਾਦੀ ਚ ਅੱਧੀ ਆਬਾਦੀ ਦੀ ਅਜ਼ਾਦੀ ਦਾ ਜ਼ਿਕਰ ਕਰੀਏ ਤਾਂ ਕੁੱਝ ਕੁ ਨਾਂ ਹਰ ਖੇਤਰ ਚੋਂ ਗਿਣਾਏ ਜਾਂਦੇ ਨੇ। ਖੇਡ ਦੀ ਦੁਨੀਆ ਤੋਂ ਸਿਆਸੀ ਸਫਿਆਂ ਤੱਕ, ਮਹਿਲਾਵਾਂ ਦੀ ਸ਼ਮੂਲੀਅਤ ਅਤੇ ਸਿਖਰ ਛੂਹਣ ਦੀ ਕਾਬਿਲੀਅਤ ਦੀ ਚਰਚਾ ਹੁੰਦੀ ਹੈ। ਦਾਅਵੇਦਾਰੀ ਇਹ ਵੀ ਹੈ ਕਿ ਵੱਡੀ ਗਿਣਤੀ ਮਹਿਲਾਵਾਂ, ਕੁੜੀਆਂ ਆਪਣੀ ਕਿਸਮਤ ਆਪਣੇ ਹੱਥੀਂ ਲਿਖਣ ਦੀ ਬੁੱਕਤ ਰੱਖਦੀਆਂ ਨੇ। ਬਹੁਤੇ ਮਾਮਲਿਆਂ ਚ ਦੇਖੀਏ ਤਾਂ ਇਹ ਸੱਚ ਵੀ ਜਾਪਦਾ ਹੈ। ਪਰ ਇਸੇ ਵਿਚਾਲੇ ਦੇਸ਼ ਦੇ ਹੀ ਇੱਕ ਸੂਬੇ ਚ ਇੱਕ ਹਸਪਤਾਲ ਦੇ ਸੈਮੀਨਾਰ ਰੂਮ ਚ ਸਮੂਹਿਕ ਜ਼ਬਰਜਿਨ੍ਹਾਂ ਦੀ ਸ਼ਿਕਾਰ ਅਤੇ ਕਤਲ ਕਰ ਦਿੱਤੀ ਗਈ ਰੈਜ਼ੀਡੈਂਟ ਡਾਕਟਰ ਦੀਆਂ ਚੀਕਾਂ ਸਾਡੇ ਕੰਨਾਂ ਚ ਸੂਲ ਵਾਂਗ ਚੁੱਭਦੀਆਂ ਨੇ। ਇਸ ਸੂਬੇ ਦੀ ਮੁੱਖ ਮੰਤਰੀ ਵੀ ਇੱਕ ਮਹਿਲਾ ਹੈ। ਹਾਲਾਂਕਿ ਇਸੇ ਵਜ੍ਹਾ ਕਰਕੇ ਕਈ ਅਜਿਹੇ ਵੀ ਨੇ ਜਿਨ੍ਹਾਂ ਨੂੰ ਇੰਨ੍ਹਾਂ ਚੀਕਾਂ ਪਿੱਛੇ ਨਿਰੀ ਸਿਆਸੀ ਵਜ੍ਹਾ ਨਜ਼ਰ ਆ ਰਹੀ ਹੋਵੇਗੀ। ਪਰ ਇਹ ਸਿਰਫ ਇੱਥੇ ਤੱਕ ਸੀਮਿਤ ਨਹੀਂ। ਘਰ ਚੋਂ ਛੋਟੀਆਂ ਬੱਚੀਆਂ ਦੇ ਬਾਹਰ ਖੇਡਣ ਜਾਣ ਵੇਲੇ ਮਾਂਪਿਓ ਦੇ ਮੱਥੇ’ਤੇ ਜਿਹੜੀ ਫਿਕਰ ਹੁੰਦੀ ਹੈ ਉਹ ਇਸੇ ਗੱਲ ਨੂੰ ਲੈ ਕੇ ਹੈ ਕਿ ਬੱਚੀਆਂ ਬਾਹਰ ਸੁਰੱਖਿਅਤ ਨੇ ਜਾਂ ਨਹੀਂ। ਘਰ ਤੋਂ ਬਾਹਰ ਕੰਮ ਲਈ ਜਾਣ ਵਾਲੀਆਂ ਮਹਿਲਾਵਾਂ ਅਤੇ ਕੁੜੀਆਂ ਨਾ ਸਿਰਫ ਆਪਣੇ ਘਰ ਤੋਂ ਆਪਣੇ ਕਾਰਜ ਦੀ ਥਾਂ ਤੱਕ ਪਹੁੰਚਣ ਦੇ ਸਫਰ ਅਤੇ ਉੱਥੇ ਪਹੁੰਚਣ ਤੋਂ ਬਾਅਦ ਅੰਦਰ ਦੇ ਮਾਹੌਲ ਚ ਖੁਦ ਨੂੰ ਸੁਰੱਖਿਅਤ ਰੱਖਣ ਲਈ ਕਿੰਨੀ ਜੱਦੋ ਜਹਿਦ ਰੋਜ਼ਾਨਾ ਕਰਦੀਆਂ ਨੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਘਰਾਂ ਦੇ ਅੰਦਰ ਵੀ ਰੋਜ਼ਾਨਾ ਕਿੰਨੀਆਂ ਹੀ ਘਰੇਲੂ ਹਿੰਸਾ ਦੀਆਂ ਹਕੀਕਤਾਂ ਸਿਰਫ ਇਸੇ ਕਰਕੇ ਚਾਰਦੀਵਾਰੀ ਤੋਂ ਬਾਹਰ ਨਹੀਂ ਆਉਂਦੀਆਂ ਕਿ ਘਰ ਦੀ ਇੱਜ਼ਤ ਕਿਤੇ ਗਲ਼ੀ ਚੌਰਾਹੇ ਚ ਬੇਆਬਰੂ ਨਾ ਹੋ ਜਾਵੇ। ਘਰ ਦਾ ਅੰਦਰੂਨੀ ਮਸਲਾ ਕਹਿ ਕੇ ਕਿੰਨੇ ਹੀ ਮਾਮਲੇ ਦਬਾ ਦਿੱਤੇ ਜਾਂਦੇ ਨੇ ਅਤੇ ਕਿੰਨੀਆਂ ਹੀ ਅਜਿਹੀਆਂ ਮਹਿਲਾਵਾਂ ਨੇ ਜੋ ਆਪਣੇ ਜੀਵਨਸਾਥੀ ਵੱਲੋਂ ਦਿੱਤੇ ਗਏ ਜ਼ਖਮਾਂ ਨੂੰ ਲੁਕਾਉਣ ਲਈ ਮੇਕਅੱਪ ਦਾ ਸਹਾਰਾ ਅਤੇ ਫਿੱਕੀ ਜਿਹੀ ਮੁਸਕਾਨ ਚਿਹਰੇ ਤੇ ਲੈ ਕੇ ਆਪਣੇ ਆਪ ਨੂੰ ਬਾਕੀ ਸਮਾਜ ਦੇ ਬਰਾਬਰ ਲਿਆ ਕੇ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਇਹ ਸਭ ਕੁੱਝ ਸਿਰਫ਼ ਘੱਟ ਸ਼ਬਦਾਂ ਚ ਉਸ ਤਸਵੀਰ ਦਾ ਸਾਰ ਹੈ ਜੋ ਦੇਸ਼ ਦੇ ਹਰ ਸੂਬੇ, ਹਰ ਸ਼ਹਿਰ, ਹਰ ਗਲੀ ਕਸਬੇ ਅਤੇ ਪਿੰਡਾਂ ਚ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਚ ਨਜ਼ਰ ਆ ਜਾਂਦੀ ਹੈ। ਇਸ ਪਿੱਛੇ ਵਜ੍ਹਾ ਸਿਰਫ ਇਹੀ ਨਹੀਂ ਕਿ ਸਾਡਾ ਸਮਾਜ ਮਰਦ ਪ੍ਰਧਾਨ ਹੈ। ਪਰ ਅਸਲੀਅਤ ਇਹ ਹੈ ਕਿ ਮਰਦ ਪ੍ਰਧਾਨ ਇਸ ਸਮਾਜ ਚ ਸੰਵੇਦਨਸ਼ੀਲਤਾ ਨਾਲ ਮਹਿਲਾਵਾਂ ਦੇ ਮਸਲਿਆਂ ਨੂੰ ਸਮਝਣ ਅਤੇ ਵਿਚਾਰਣ ਦੀ ਕਦੇ ਕੋਸ਼ਿਸ਼ ਹੋਈ ਹੀ ਨਹੀਂ। ਜਿਹੜੀਆਂ ਸਿਆਸੀ ਧਿਰਾਂ ਖੁਦ ਨੂੰ ਅੱਧੀ ਆਬਾਦੀ ਦਾ ਪੈਰੋਕਾਰ ਦੱਸਦੀਆਂ ਨੇ ਉਨ੍ਹਾਂ ਤੋਂ ਅਜੇ ਤੱਕ ਦੇਸ਼ ਦੀ ਪੰਚਾਇਤ ਚ ਮਹਿਲਾਵਾਂ ਦੀ ਮਹਿਜ਼ 33 ਫੀਸਦ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦਾ ਕਾਨੂੰਨ ਨਹੀਂ ਬਣਿਆ। ਮੋਟੇ ਤੌਰ ਤੇ ਵੇਖੀਏ ਤਾਂ ਇਹ ਸਾਰੀ ਬਿਆਨਬਾਜ਼ੀ, ਦਾਅਵੇ ਵਾਅਦੇ ਖੋਖਲੇ ਜਾਪਦੇ ਨੇ। ਅਤੇ ਅਜ਼ਾਦੀ ਦੇ ਮਾਇਨੇ ਇਸ ਅੱਧੀ ਅਬਾਦੀ ਲਈ ਅਧੂਰੇ ਦਿਖਾਈ ਦਿੰਦੇ ਨੇ।

ਨਵੀਂ ਊਰਜਾ ਦੀ ਅਜ਼ਾਦੀ-

ਦੇਸ਼ ਚ 29 ਫੀਸਦ ਤੋਂ ਵੱਧ ਅਬਾਦੀ ਨੌਜਵਾਨਾਂ ਦੀ ਹੈ। ਨੌਜਵਾਨ ਉਹ ਜਿਸਦੀ ਉਮਰ 18 ਸਾਲਾਂ ਤੋਂ ਵੱਧ ਹੈ। ਉਸ ਨੂੰ ਪਿਛਲੇ 77 ਸਾਲਾਂ ਚ ਅਜ਼ਾਦੀ ਦੇ ਕਿਹੜੇ ਮਾਇਨੇ ਸਮਝਾਉਣ ਚ ਅਸੀਂ ਕਾਮਯਾਬ ਹੋਏ ਹਾਂ, ਇਹ ਸਵਾਲ ਪੁੱਛਣਾ ਬਣਦਾ ਹੈ। ਸਵਾਲ ਇਸ ਲਈ ਕਿਉਂ ਜੋ ਦੇਸ਼ ਦਾ ਭਵਿੱਖ ਜਿਸ ਨੌਜਵਾਨ ਦੇ ਹੱਥਾਂ ਚ ਅਸੀਂ ਵੇਖਦੇ ਹਾਂ, ਉਹ ਤਾਂ ਆਪ ਦੇਸ਼ ਚ ਰਹਿਣ ਜਾਂ ਰੁਕਣ ਲਈ ਤਿਆਰ ਨਹੀਂ। ਦੇਸ਼ ਤੋਂ ਬਾਹਰ ਜਾ ਕੇ ਸਿੱਖਿਆ ਹਾਸਿਲ ਕਰਨ ਦੀ ਚਾਹ ਹੋਵੇ ਜਾਂ ਦੂਜੇ ਮੁਲਕਾਂ ਚ ਜਾ ਕੇ ਵੱਧ ਪੈਸੇ ਕਮਾਉਣ ਦਾ ਖਵਾਬ, ਕਈ ਸੂਬਿਆਂ ਦੀ ਨਵੇਕਲੀ ਪੀੜ੍ਹੀ ਲਈ ਇਹੀ ਮਕਸਦ ਪਹਿਲ ਦੇ ਅਧਾਰ ਤੇ ਨਜ਼ਰ ਆ ਰਿਹਾ ਹੈ। ਇਸ ਪਿੱਛੇ ਵੀ ਇੱਕ ਵੱਡੀ ਵਜ੍ਹਾ ਦਿਖਾਈ ਦਿੰਦੀ ਹੈ। ਪਿਛਲੇ ਕੁੱਝ ਕੁ ਵਕਤ ਚ ਨੌਜਵਾਨਾਂ ਦੇ ਇੱਕ ਤਬਕੇ ਦੀ ਊਰਜਾ ਨੂੰ ਜਿਸ ਤਰੀਕੇ ਨਾਂਹ ਪੱਖੀ ਜਾਂ ਹਿੰਸਕ ਸਰਗਰਮੀਆਂ ਦੇ ਵੱਲ ਮੋੜਿਆ ਗਿਆ ਉਸ ਨੇ ਹਰ ਕਿਸੇ ਦੇ ਮੱਥੇ ਤੇ ਫਿਕਰ ਦੀਆਂ ਲਕੀਰਾਂ ਖਿੱਚੀਆਂ ਨੇ। ਹਾਲ ਫਿਲਹਾਲ ਚ ਲਖਨਊ ਚ ਸੜਕ ‘ਤੇ ਖੜ੍ਹੇ ਮੀਂਹ ਦੇ ਪਾਣੀ ਵਿਚਾਲਿਓਂ ਬਾਈਕ ਤੇ ਲੰਘ ਰਹੇ ਇੱਕ ਸ਼ਖਸ ਅਤੇ ਇੱਕ ਮਹਿਲਾ ਦੇ ਨਾਲ ਤਥਾਕਥਿਤ ਮਸਤੀ ਕਰਦਿਆਂ ਕਿਵੇਂ ਸਾਰੀਆਂ ਹੱਦਾਂ ਟੱਪੀਆਂ ਗਈਆਂ ਇਸ ਦਾ ਵੀਡੀਓ ਸਬੂਤ ਤਕਰੀਬਨ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਹੈ। ਦਿੱਲੀ ਅੰਦਰ ਇੱਕ ਤਥਾਕਥਿਤ ਨੌਜਵਾਨ ਆਗੂ ਆਪਣੇ ਚਮਚਿਆਂ ਦੇ ਨਾਲ ਰਾਤ ਦੇ ਹਨੇਰੇ ਚ ਝੁੱਗੀਆਂ ਚ ਰਹਿਣ ਵਾਲੇ ਦਿਹਾੜੀਦਾਰਾਂ ਨਾਲ ਇਸ ਸ਼ੱਕ ਦੀ ਬਿਨਾਹ ਤੇ ਕੁੱਟ ਮਾਰ ਕਰਦਾ ਹੈ, ਕਿਉਂ ਜੋ ਉਸ ਨੂੰ ਲੱਗਦਾ ਹੈ ਕਿ ਇਹ ਸਾਰੇ ਬੰਗਲਾਦੇਸ਼ ਤੋਂ ਭੱਜ ਕੇ ਆਏ ਨੇ। ਇੱਕ ਖਾਸ ਤਬਕੇ ਨੂੰ ਨਿਸ਼ਾਨਾ ਬਣਾ ਕੇ ਉਸ ਨਾਲ ਥਾਂ ਥਾਂ ਤੇ ਕੀਤੀ ਜਾਂਦੀ ਬਦਸਲੂਕੀ ਦੀਆਂ ਤਸਵੀਰਾਂ ਦੀ ਲੜੀ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਹਾਲਾਂਕਿ ਦਾਅਵੇਦਾਰੀ ਇਹ ਵੀ ਹੁੰਦੀ ਹੈ ਕਿ ਸਥਾਨਕ ਪ੍ਰਸ਼ਾਸਨ ਇੰਨ੍ਹਾਂ ਅਨਸਰਾਂ ਤੇ ਕਾਰਵਾਈ ਕਰ ਰਿਹਾ ਹੈ। ਇੰਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਸਰਕਾਰ ਨੇ ਕਾਨੂੰਨ ਵੀ ਸਖਤ ਕਰ ਦਿੱਤੇ ਨੇ। ਪਰ ਸਵਾਲ ਇੱਥੇ ਕਾਨੂੰਨ ਅਤੇ ਕਾਰਵਾਈ ਦਾ ਨਹੀਂ ਸਗੋਂ ਸਵਾਲ ਇਹ ਹੈ ਕਿ ਇਸ ਨੌਜਵਾਨ ਦੇ ਜ਼ਹਿਨ ਚ ਨਫਰਤ ਦਾ ਇਹ ਫਲਸਫਾ ਇਸ ਗੂੜ੍ਹੇ ਰੰਗ ਵਾਲੀ ਸਿਆਹੀ ਨਾਲ ਲਿਖਿਆ ਕਿਵੇਂ ਗਿਆ। ਦਰਅਸਲ ਦੇਸ਼ ਦੀ ਸਿਆਸਤ ਚ ਤੁਸ਼ਟੀਕਰਨ ਦੀ ਨੀਤੀ ਨੂੰ ਜਿਸ ਤਰੀਕੇ ਵੱਖੋ ਵੱਖ ਸਿਆਸੀ ਧਿਰਾਂ ਨੇ ਆਪਣੇ ਮੁਫਾਦ ਲਈ ਅਪਣਾਇਆ, ਉਸ ਨੇ ਇੱਕ ਅਜਿਹਾ ਮਾਹੌਲ ਸਿਰਜਿਆ ਜਿਸ ਚ ਪਹਿਲਾਂ ਘੱਟ ਗਿਣਤੀਆਂ ਨੂੰ ਸਿਆਸਤ ਦੀ ਸ਼ਹਿ ਦੇ ਕੇ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਹੋਈ ਕਿ ਉਹ ਕੁੱਝ ਵੀ ਕਰ ਸਕਦੇ ਨੇ ਅਤੇ ਇਸ ਦੇਸ਼ ਚ ਉਨ੍ਹਾਂ ਦਾ ਹੱਕ ਸਭ ਤੋਂ ਵੱਧ ਹੈ। ਇਸੇ ਕਰਕੇ ਕਿੰਨੇ ਹੀ ਮੌਕੇ ਅਜਿਹੇ ਵੇਖਣ ਨੂੰ ਮਿਲੇ ਜਿੱਥੇ ਸ਼ਰੇਆਮ ਕਾਨੂੰਨ ਨੂੰ ਛਿੱਕੇ ਟੰਗ ਕੇ ਇੱਕ ਖ਼ਾਸ ਤਬਕਾ ਸਾਰੀਆਂ ਹੱਦਾਂ ਪਾਰ ਕਰਦਾ ਰਿਹਾ। ਜਦੋਂ ਸੱਤਾ ਬਦਲੀ ਤਾਂ ਤੁਸ਼ਟੀਕਰਨ ਦਾ ਇਹੀ ਦਾਅ ਬਹੁਗਿਣਤੀ ਲਈ ਸੀ। ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਕਿ ਕਿਵੇਂ ਹੁਣ ਤੱਕ ਉਨ੍ਹਾਂ ਨਾਲ ਠੱਗੀ ਕੀਤੀ ਗਈ। ਉਹ ਬਹੁਗਿਣਤੀ ਹੋਣ ਦੇ ਬਾਵਜੂਦ ਖਤਰੇ ਚ ਨੇ। ਅਤੇ ਇਸੇ ਕਥਿਤ ਖਤਰੇ ਤੋਂ ਦੇਸ਼ ਦੇ ਬਹੁਗਿਣਤੀ ਨੂੰ ਬਚਾਉਣ ਦੀ, ਮਹਿਫੂਜ਼ ਰੱਖਣ ਦੀ ਜ਼ਿੰਮੇਵਾਰੀ ਗਰਮ ਖੂਨ ਦੇ ਜ਼ਹਿਨ ਚ ਭਰੀ ਗਈ ਹੈ। ਤੱਥਾਂ ਤੋਂ ਪਰੇ ਉਨ੍ਹਾਂ ਦੇ ਸਾਹਮਣੇ ਕਿੰਨੀਆਂ ਹੀ ਅਜਿਹੀਆਂ ਕਹਾਣੀਆਂ ਘੜ ਦਿੱਤੀਆਂ ਗਈਆਂ ਅਤੇ ਸੋਸ਼ਲ ਮੀਡੀਆ ਦੇ ਕਥਿਤ ਗਿਆਨ ਕੇਂਦਰਾਂ ਤੋਂ ਉਨ੍ਹਾਂ ਨੂੰ ਅਜਿਹਾ ਗਿਆਨ ਸੌਂਪਿਆ ਗਿਆ ਜਿਸ ਨੇ ਸਿਰਫ ਤੇ ਸਿਰਫ ਨਫਰਤ ਫੈਲਾਉਣ ਦਾ ਅਧਾਰ ਬਣਾਇਆ।

ਅਜ਼ਾਦੀ ਦਿਹਾੜਾ ਮਨਾਉਣ ਦੇ ਨਾਲ ਹੀ ਅਜਿਹੇ ਸਵਾਲਾਂ ਦੇ ਜਵਾਬ ਵੀ ਲੱਭਣ ਦੀ ਸਾਨੂੰ ਲੋੜ ਹੈ ਤਾਂ ਜੋ ਅਜ਼ਾਦੀ ਸਹੀ ਮਾਇਨੇ ਚ ਆਮ ਲੋਕਾਂ ਦੇ ਲਈ ਦੇਸ਼ ਦੇ ਵਸਨੀਕਾਂ ਲਈ ਅਜ਼ਾਦੀ ਰਹਿ ਸਕੇ। ਅਤੇ ਖੁੱਲ੍ਹੀ ਹਵਾ ਚ ਸਾਂਹ ਲੈਣ ਦੇ ਮਾਇਨੇ ਦੇਸ਼ ਦਾ ਹਰ ਆਮ ਅਤੇ ਖਾਸ ਸ਼ਖਸ ਸਮਝ ਸਕੇ ਮਹਿਸੂਸ ਕਰ ਸਕੇ।