Corona Virus
ਲੌਕਡਾਊਨ ‘ਚ ਫ਼ਸੇ ਪ੍ਰਵਾਸੀ ਮਜਦੂਰਾਂ ਦੀ ਪ੍ਰਸ਼ਾਸਨ ਅੱਗੇ ਗੁਹਾਰ

ਮਲੇਰਕੋਟਲਾ, 29 ਅਪ੍ਰੈਲ(ਮੁਹੰਮਦ ਜਮੀਲ): ਦੇਸ਼ ਦੁਨੀਆਂ ਦੇ ਵਿੱਚ ਲੋਕਡਾਊਨ ਜਾਰੀ ਹੈ ਅਤੇ ਪੰਜਾਬ ਵਿੱਚ ਵੀ ਲਗਾਤਾਰ ਕਰਫਿਊ ਲੱਗਿਆ ਹੋਇਆ ਅਤੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਬੰਦ ਨੇ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਵੀ ਸਮਾਜ ਸੇਵੀਆਂ ਵੱਲੋਂ ਕੀਤੀ ਜਾ ਰਹੀ ਹੈ ਪਰ ਹਾਲੇ ਵੀ ਕੁਝ ਲੋਕ ਨੇ ਜੋ ਆਪਣਿਆਂ ਤੋਂ ਦੂਰ ਨੇ ਅਤੇ ਆਪਣੇ ਆਪਣੇ ਕੰਮ ਤੋਂ ਵਿਹਲੇ ਹੋ ਕੇ ਉੱਥੇ ਫਸੇ ਹੋਏ ਨਜ਼ਰ ਆ ਰਹੇ ਨੇ। ਮਲੇਰਕੋਟਲਾ ਸ਼ਹਿਰ ਦੇ ਬੱਸ ਸਟੈਂਡ ਉੱਤੇ ਬਣੀਆਂ ਮਠਿਆਈ ਦੀਆਂ ਦੁਕਾਨਾਂ ਅਤੇ ਢਾਬਿਆਂ ‘ਤੇ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰ ਅੱਜ ਕੱਲ੍ਹ ਕੰਮ ਕਾਰ ਠੱਪ ਹੋਣ ਕਾਰਨ ਇਨ੍ਹਾਂ ਦੁਕਾਨਾਂ ਦੇ ਵਿੱਚ ਕੈਦ ਹੋਣ ਲਈ ਮਜਬੂਰ ਹੋ ਰਹੇ ਨੇ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਯੂਪੀ ਤੋਂ ਮਲੇਰਕੋਟਲਾ ਸ਼ਹਿਰ ਆ ਕੇ ਲੰਮੇ ਸਮੇਂ ਤੋਂ ਇੱਥੇ ਵੱਖ ਵੱਖ ਤਰ੍ਹਾਂ ਦੇ ਕੰਮ ਇਨ੍ਹਾਂ ਦੁਕਾਨਾਂ ਦੇ ਵਿੱਚ ਕਰਦੇ ਆ ਰਹੇ ਸਨ ਪਰ ਜਦੋਂ ਦਾ ਕਰਫਿਊ ਲੱਗਿਆ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਮਜਬੂਰੀ ‘ਚ ਵੱਡੀ ਗਿਣਤੀ ਦੇ ਵਿੱਚ ਇਨ੍ਹਾਂ ਛੋਟੀਆਂ ਛੋਟੀਆਂ ਦੁਕਾਨਾਂ ਦੇ ਵਿੱਚ ਰਹਿ ਰਹੇ ਹਨ। ਇੱਥੋਂ ਤਕ ਕੇ ਦਿਨ ਸਮੇਂ ਵੀ ਸ਼ਟਰ ਸੁੱਟ ਕੇ ਇਸ ਗੰਦਗੀ ਵਾਲੀ ਜਗ੍ਹਾ ਤੇ ਰਹਿ ਰਹੇ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਲਕਾਂ ਵੱਲੋਂ ਵੀ ਉਨ੍ਹਾਂ ਨੂੰ ਕਈ ਦਿਨ ਖਾਣਾ ਤੇ ਰਾਸ਼ਨ ਦਿੱਤਾ ਗਿਆ ਪਰੰ ਬਾਅਦ ਵਿੱਚ ਉਨ੍ਹਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਅਤੇ ਫਿਰ ਆਪਣੇ ਕੋਲ ਜੋ ਵੀ ਪੈਸੇ ਸੀ ਉਹ ਵੀ ਖਰਚ ਕਰ ਦਿੱਤੇ ਅਤੇ ਹੁਣ ਉਹ ਖਾਣ ਲਈ ਵੀ ਉਨ੍ਹਾਂ ਕੋਲ ਕੁਝ ਨਹੀਂ ਬਚਿਆ ਜਿਸ ਕਰਕੇ ਉਹ ਜੇਕਰ ਕੋਈ ਰੋਟੀ ਦੇ ਜਾਂਦਾ ਤਾਂ ਖਾ ਲੈਂਦੇ ਨਹੀਂ ਪਾਣੀ ਨਾਲ ਹੀ ਗੁਜ਼ਾਰਾ ਕਰਕੇ ਇਸ ਛੋਟੀ ਜਿਹੀ ਦੁਕਾਨ ਦੇ ਵਿੱਚ ਸੌਂ ਜਾਂਦੇ ਨੇ ਕਈ ਮਹੀਨਿਆਂ ਤੋਂ ਸਾਲਾਂ ਤੋਂ ਮਲੇਰਕੋਟਲਾ ਸ਼ਹਿਰ ਨਾਲ ਦੁਕਾਨਾਂ ਦੇ ਵਿੱਚ ਕੰਮ ਕਰਕੇ ਆਪਣੇ ਯੂਪੀ ਵਿੱਚ ਰਹਿ ਰਹੇ ਪਰਿਵਾਰ ਦਾ ਪੇਟ ਪਾਲ ਰਹੇ ਸੀ।

ਇਹ ਪ੍ਰਵਾਸੀ ਮਜ਼ਦੂਰ ਹੁਣ ਆਪਣਿਆਂ ਨੂੰ ਮਿਲਣ ਲਈ ਤਰਲੇ ਮਿੰਨਤਾਂ ਕਰ ਰਹੇ ਨੇ ਕਿਉਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਕੋਲ ਮੋਬਾਈਲ ਦੇ ਵਿੱਚ ਪੈਸੇ ਵੀ ਨਹੀਂ ਜੋ ਆਪਣਿਆਂ ਨਾਲ ਗੱਲ ਕਰ ਸਕਣ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਸ਼ਟਰ ਲਾ ਕੇ ਅੰਦਰ ਕੈਦ ਵਿੱਚ ਬੈਠੇ ਨੇ। ਜੇਕਰ ਉਹ ਬਾਹਰ ਆਉਂਦੇ ਨੇ ਤਾਂ ਪੁਲਿਸ ਉਨ੍ਹਾਂ ਨੂੰ ਕੁੱਟਦੀ ਮਾਰਦੀ ਹੈ ਜਿਸ ਕਰਕੇ ਮਜਬੂਰੀ ਦੇ ਵੱਸ ਫਸੇ ਹੋਏ ਨੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਪ੍ਰਬੰਧ ਕਰਕੇ ਉਨ੍ਹਾਂ ਦੇ ਆਪਣੇ ਪਿੰਡ ਯੂਪੀ ਪਹੁੰਚਾਇਆ ਜਾਵੇ ਤਾਂ ਜੋ ਆਪਣਿਆਂ ਦੇ ਵਿੱਚ ਰਹਿ ਸਕਣ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਲੰਗਰ ਯਾ ਫਿਰ ਰਾਸ਼ਨ ਪਾਣੀ ਦਾ ਪ੍ਰਬੰਧ ਵੀ ਪ੍ਰਸ਼ਾਸਨ ਜ਼ਰੂਰ ਕਰੇ ਕਿਉਂਕਿ ਉਨ੍ਹਾਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਸਮਾਜ ਸੇਵੀ ਨੇ ਨਹੀਂ ਪੁੱਛਿਆ ।