National
ਪ੍ਰਾਪਰਟੀ ਟੈਕਸ ਭਰਨ ਵਾਲੇ ਲੋਕਾਂ ਲਈ ਜਰੂਰੀ ਖਬਰ

ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ ਵਿਆਜ ਅਤੇ ਜੁਰਮਾਨੇ ਨੂੰ ਮੁਆਫ ਕਰਨ ਦੇ ਲਏ ਗਏ ਫੈਸਲੇ ਦੀ ਸਮਾਂ ਸੀਮਾ ਅੱਜ ਖਤਮ ਹੋ ਜਾਵੇਗੀ। ਇਸ ਤੋਂ ਬਾਅਦ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ 18 ਫੀਸਦੀ ਵਿਆਜ ਅਤੇ 20 ਫੀਸਦੀ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਵਿੱਤੀ ਸਾਲ 2023-24 ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ ਹੁਣ ਤੱਕ ਜੋ 10 ਫੀਸਦੀ ਜੁਰਮਾਨਾ ਲਗਾਇਆ ਜਾ ਰਿਹਾ ਸੀ, ਉਹ ਵੀ 31 ਮਾਰਚ ਤੋਂ ਬਾਅਦ ਦੁੱਗਣਾ ਹੋ ਜਾਵੇਗਾ ਅਤੇ 18 ਫੀਸਦੀ ਵਿਆਜ ਵੀ ਅਦਾ ਕਰਨਾ ਹੋਵੇਗਾ।
ਸਰਕਾਰ ਵੱਲੋਂ ਸਤੰਬਰ ਵਿੱਚ ਜਾਰੀ ਕੀਤੀ ਗਈ ਵਨ ਟਾਈਮ ਸੈਟਲਮੈਂਟ ਪਾਲਿਸੀ ਵਿੱਚ ਦਸੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ 100 ਫੀਸਦੀ ਵਿਆਜ ਅਤੇ ਜੁਰਮਾਨੇ ਦੀ ਛੋਟ ਦਿੱਤੀ ਗਈ ਸੀ। ਜੋ ਡਿਸਕਾਊਂਟ ਦਸੰਬਰ ਤੋਂ ਬਾਅਦ 31 ਮਾਰਚ ਤੱਕ ਘਟਾ ਕੇ 50 ਫੀਸਦੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਗਲਤ ਰਿਟਰਨ ਭਰਨ ‘ਤੇ 100 ਫੀਸਦੀ ਜੁਰਮਾਨੇ ਨੂੰ ਦੋ ਪੜਾਵਾਂ ‘ਚ ਮੁਆਫ ਕੀਤਾ ਗਿਆ ਸੀ, ਜਿਸ ਦੀ ਮਿਆਦ ਵੀ (31 ਮਾਰਚ) ਯਾਨੀ ਅੱਜ ਖਤਮ ਹੋ ਜਾਵੇਗੀ।
ਭਾਵੇਂ ਨਗਰ ਨਿਗਮ ਨੇ ਬਜਟ ਵਿੱਚ ਪ੍ਰਾਪਰਟੀ ਟੈਕਸ ਵਜੋਂ 130 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ। ਪਰ ਕੇਂਦਰ ਸਰਕਾਰ ਵੱਲੋਂ ਵਿੱਤ ਕਮਿਸ਼ਨ ਦੀ ਗਰਾਂਟ ਦੇਣ ਲਈ ਲਾਈ ਗਈ ਪਿਛਲੇ ਸਾਲ ਦੀ ਵਸੂਲੀ ਦੇ ਮੁਕਾਬਲੇ 6 ਫੀਸਦੀ ਵਾਧੇ ਦੀ ਸ਼ਰਤ ਕਾਰਨ ਇਹ ਅੰਕੜਾ 134.70 ਕਰੋੜ ਰੁਪਏ ਹੋ ਗਿਆ। ਇਸ ਟੀਚੇ ਦੀ ਪ੍ਰਾਪਤੀ ਲਈ ਨਗਰ ਨਿਗਮ ਨੇ ਛੁੱਟੀਆਂ ਦੌਰਾਨ ਵੀ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਦਫਤਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਇਸ ਕਾਰਨ ਵਿੱਤੀ ਸਾਲ ਖ਼ਤਮ ਹੋਣ ਤੋਂ ਸਿਰਫ਼ ਦੋ ਦਿਨ ਪਹਿਲਾਂ ਹੀ ਨਗਰ ਨਿਗਮ ਨੇ 135.40 ਕਰੋੜ ਰੁਪਏ ਇਕੱਠੇ ਕਰਨ ਦਾ ਦਾਅਵਾ ਕੀਤਾ ਹੈ ਅਤੇ 31 ਮਾਰਚ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਨਗਰ ਨਿਗਮ ਦੇ ਦਫ਼ਤਰ ਖੁੱਲ੍ਹੇ ਰਹਿਣਗੇ।