News
ਅਮਰੀਕਾ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 25 ਲੱਖ ਤੋਂ ਪਾਰ

ਵਾਸ਼ਿੰਗਟਨ: ਦੇਸ਼ ਦੁਨੀਆ ‘ਚ ਕੋਰੋਨਾ ਮਹਾਮਾਰੀ ਕਾਰਨ ਸਾਰੇ ਵਰਗ ਦੇ ਲੋਗ ਪ੍ਰੇਸ਼ਾਨ ਹਨ ਜਿਸ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ‘ਚ ਇਕ ਦਿਨ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਪਾਏ ਗਏ ਹਨ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵਿਚ 45 ਹਜ਼ਾਰ ਤੋਂ ਵੀ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਕ ਦਿਨ ਵਿਚ ਨਵੇਂ ਮਾਮਲਿਆਂ ਦੀ ਇਹ ਸਭ ਤੋਂ ਜ਼ਿਆਦਾ ਗਿਣਤੀ ਹੈ। ਇਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 25 ਲੱਖ 50 ਹਜ਼ਾਰ ਤੋਂ ਪਾਰ ਹੋ ਗਈ ਹੈ, ਜਦਕਿ ਹੁਣ ਤਕ ਇਕ ਲੱਖ 27 ਹਜ਼ਾਰ ਤੋਂ ਜ਼ਿਆਦਾ ਪੀੜਤ ਦਮ ਤੋੜ ਚੁੱਕੇ ਹਨ।
ਕੋਰੋਨਾ ਦੀ ਰੋਕਥਾਮ ਲਈ ਲਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਅਤੇ ਕਾਰੋਬਾਰਾਂ ਨੂੰ ਖੋਲ੍ਹੇ ਜਾਣ ਤੋਂ ਬਾਅਦ ਕਈ ਅਮਰੀਕੀ ਸੂਬਿਆਂ ‘ਚ ਇਨਫੈਕਸ਼ਨ ‘ਚ ਤੇਜ਼ ਵਾਧਾ ਦੇਖਿਆ ਜਾ ਰਿਹਾ ਹੈ। ਮਹਾਮਾਰੀ ਵਧਣ ‘ਤੇ ਟੈਕਸਾਸ ਦੇ ਗਵਰਨਰ ਗ੍ਰੈਗ ਐਬਾਟ ਨੇ ਪੂਰੇ ਸੂਬੇ ਵਿਚ ਬਾਰ ਨੂੰ ਦੁਪਹਿਰ ‘ਚ ਹੀ ਬੰਦ ਕਰ ਦੇਣ ਦਾ ਆਦੇਸ ਦਿੱਤਾ ਹੈ। ਉਨ੍ਹਾਂ ਰੈਸਟੋਰੈਂਟਾਂ ਲਈ ਵੀ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਉਹ ਆਪਣੀ ਸਮਰੱਥਾ ਦੇ 50 ਫ਼ੀਸਦੀ ਤੋਂ ਜ਼ਿਆਦਾ ਗਾਹਕਾਂ ਨੂੰ ਬੈਠਣ ਨਹੀਂ ਦੇਣਗੇ। ਇਸ ਸੂਬੇ ਵਿਚ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਕਰੀਬ ਛੇ ਹਜ਼ਾਰ ਇਨਫੈਕਟਿਡ ਪਾਏ ਗਏ। ਫਲੋਰੀਡਾ ਦੇ ਅਧਿਕਾਰੀਆਂ ਨੇ ਵੀ ਬਾਰ ‘ਚ ਸ਼ਰਾਬ ਪਰੋਸਣ ‘ਤੇ ਰੋਕ ਲਗਾ ਦਿੱਤੀ ਹੈ। ਫਲੋਰੀਡਾ ‘ਚ ਇਕ ਦਿਨ ਵਿਚ ਕਰੀਬ 9 ਹਜ਼ਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਧਰ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ ਵੀ ਲੋਕਾਂ ਦੇ ਘਰ ਵਿਚ ਹੀ ਰਹਿਣ ਨੂੰ ਲੈ ਕੇ ਨਵੇਂ ਸਖ਼ਤ ਨਿਯਮਾਂ ਦੀ ਸਿਫਾਰਸ਼ ਕੀਤੀ ਹੈ। ਅਲਾਸਕਾ ‘ਚ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਅਲਬਾਮਾ, ਐਰੀਜ਼ੋਨਾ, ਕੈਲੀਫੋਰਨੀਆ, ਜਾਰਜੀਆ, ਮਿਸੌਰੀ, ਨਵਾਦਾ, ਓਕਲਾਹੋਮਾ, ਸਾਊਥ ਕੈਰੋਲਿਨਾ ਅਤੇ ਟੈਨੇਸੀ ਸੂਬੇ ‘ਚ ਵੀ ਨਵੇਂ ਮਾਮਲਿਆਂ ‘ਚ ਉਛਾਲ ਦੀ ਖ਼ਬਰ ਹੈ।