International
ਕੈਨੇਡਾ ‘ਚ ਡੈਲਟਾ ਪੁਲਿਸ ਨੇ ਪੰਜਾਬੀ ਦੀ ਜਾਨ ਬਚਾਈ, 8 ਘੰਟੇ ਤੱਕ ਬੰਦ ਰੱਖਣਾ ਪਿਆ ਪੁਲ

ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਦੀ ਪੁਲਸ ਨੇ ਇਕ ਪੰਜਾਬੀ ਵਿਅਕਤੀ ਦੀ ਜਾਨ ਬਚਾ ਲਈ। ਜਾਣਕਾਰੀ ਮੁਤਾਬਕ ਇਹ ਵਿਅਕਤੀ ਪ੍ਰਮੁੱਖ ਦਰਿਆ ‘ਫਰੇਜ਼ਰ’ ‘ਤੇ ਬਣੇ ਅਲੈਕਸ ਫਰੇਜ਼ਰ ਬਰਿੱਜ ‘ਤੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਪੁਲਸ ਨੇ ਪੰਜਾਬੀ ਵਿਅਕਤੀ ਦੀ ਜਾਨ ਬਚਾਉਣ ਲਈ ਪੁਲ ਨੂੰ 8 ਘੰਟੇ ਲਈ ਬੰਦ ਰੱਖਿਆ, ਜਿਸ ਕਾਰਨ ਹਜ਼ਾਰਾਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਲੋਕ ਪੁਲ ਖੁੱਲ੍ਹਣ ਲਈ ਘੰਟਿਆਂ ਬੱਧੀ ਆਪਣੇ ਵਾਹਨਾਂ ਅੰਦਰ ਹੀ ਬੈਠੇ ਰਹੇ। ਪਰ ਪੁਲਸ ਪੰਜਾਬੀ ਵਿਅਕਤੀ ਦੀ ਜਾਨ ਬਚਾਉਣ ਵਿਚ ਕਾਮਯਾਬ ਰਹੀ।
ਇਸ ਮਾਮਲੇ ਸਬੰਧੀ ਡੈਲਟਾ ਪੁਲਸ ਨੂੰ ਦੁਪਹਿਰ ਸਾਢੇ 12 ਵਜੇ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਅਲੈਕਸ ਫਰੇਜ਼ਰ ਪੁਲ ਦੀ ਰੇਲਿੰਗ ਨਾਲ ਲਮਕ ਰਿਹਾ ਹੈ ਤੇ ਦਰਿਆ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਸਕਦਾ ਹੈ | ਪੁਲਸ ਦੇ ਯਤਨਾਂ ਸਦਕਾ ਰਾਤ 8:30 ਵਜੇ ਉਕਤ ਪੰਜਾਬੀ ਵਿਅਕਤੀ ਖ਼ੁਦਕੁਸ਼ੀ ਨਾ ਕਰਨ ਬਾਰੇ ਮੰਨ ਗਿਆ ਤੇ ਰੇਲਿੰਗ ਤੋਂ ਥੱਲੇ ਉਤਰ ਆਇਆ।ਇਸ ਮਗਰੋਂ ਆਵਾਜਾਈ ਬਹਾਲ ਕਰ ਦਿੱਤੀ ਗਈ। ਦੱਸ ਦੇਈਏ ਪੁਲਸ ਨੇ ਉਕਤ ਵਿਅਕਤੀ ਦਾ ਨਾਂਅ ਜਾਰੀ ਨਹੀਂ ਕੀਤਾ, ਉਹ ਘਰੇਲੂ ਝਗੜੇ ਕਾਰਨ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਤੇ ਘਟਨਾ ਤੋਂ ਪਹਿਲਾਂ ਉਸ ਨੇ ਖੁਦਕੁਸ਼ੀ ਨੋਟ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਸੀ