National
ਸਪਾਈਸ ਜੈੱਟ ਦੀ ਫਲਾਈਟ ‘ਚ ਯਾਤਰੀ ਵੱਲੋਂ ਏਅਰਹੋਸਟੈੱਸ ਨਾਲ ਬਦਸਲੂਕੀ, ਵੀਡੀਓ ਹੋਇਆ ਵਾਇਰਲ
ਏਅਰਲਾਈਨ ਕੰਪਨੀ ਸਪਾਈਸ ਜੈੱਟ ਦੀ ਇਕ ਫਲਾਈਟ ’ਚ ਇਕ ਯਾਤਰੀ ਵੱਲੋਂ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ । ਦੱਸ ਦੇਈਏ 23 ਜਨਵਰੀ ਨੂੰ ਸਪਾਈਸ ਜੈੱਟ ਦੀ ਫਲਾਈਟ (SG-8133) ਨੇ ਦਿੱਲੀ ਤੋਂ ਹੈਦਰਾਬਾਦ ਲਈ ਉਡਾਣ ਭਰਨੀ ਸੀ। ਪਰ ਬੋਰਡਿੰਗ ਦੌਰਾਨ ਇਕ ਯਾਤਰੀ ਏਅਰਹੋਸਟੈੱਸ ਨਾਲ ਉੱਚੀ ਆਵਾਜ਼ ’ਚ ਗੱਲ ਕਰਦੇ ਨਜ਼ਰ ਆਇਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯਾਤਰੀ ਨੂੰ ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ ਤੋਂ ਉਤਾਰ ਦਿੱਤਾ ਗਿਆ।
ਉਥੇ ਹੀ ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਸੋਮਵਾਰ ਨੂੰ ਸਪਾਈਸਜੈੱਟ ਦੇ ਇਕ ਯਾਤਰੀ ਨੂੰ ਮਹਿਲਾ ਕੈਬਿਨ ਕਰੂ ਮੈਂਬਰਾਂ ’ਚੋਂ ਇਕ ਨਾਲ ਬਦਸਲੂਕੀ ਕਰਨ ਲਈ ‘ਆਫਲੋਡ’ ਕਰ ਦਿੱਤਾ ਗਿਆ। ਦਿੱਲੀ ’ਚ ਬੋਰਡਿੰਗ ਦੌਰਾਨ ਇਕ ਯਾਤਰੀ ਨੇ ਅਣਉਚਿਤ ਤਰੀਕੇ ਨਾਲ ਵਿਵਹਾਰ ਕੀਤਾ, ਕੈਬਿਨ ਕਰੂ ਨੂੰ ਤੰਗ ਤੇ ਪ੍ਰੇਸ਼ਾਨ ਕੀਤਾ। ਚਾਲਕ ਦਲ ਨੇ ਪੀ.ਆਈ.ਸੀ. ਅਤੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਏਅਰਲਾਈਨ ਨੇ ਕਿਹਾ ਕਿ ਯਾਤਰੀ ਅਤੇ ਉਸ ਦੇ ਸਹਿ-ਯਾਤਰੀ ਦੋਵਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਉਤਾਰਿਆ ਅਤੇ ਹਿਰਾਸਤ ਵਿਚ ਲੈ ਲਿਆ। ਚਾਲਕ ਦਲ ਨੇ ਦੋਸ਼ ਲਗਾਇਆ ਕਿ ਯਾਤਰੀ ਨੇ ਚਾਲਕ ਦਲ ਦੇ ਮੈਂਬਰ ਨੂੰ ਗ਼ਲਤ ਤਰੀਕੇ ਨਾਲ ਛੂਹਿਆ ਸੀ। ਦੂਜੇ ਪਾਸੇ ਸਾਥੀ ਯਾਤਰੀਆਂ ਨੇ ਦਾਅਵਾ ਕੀਤਾ ਕਿ ਜਹਾਜ਼ ਦੇ ਸੀਮਤ ਖੇਤਰ ਕਾਰਨ ਇਹ ਇਕ ਦੁਰਘਟਨਾ ਸੀ। ਖਬਰਾਂ ਮੁਤਾਬਿਕ ਯਾਤਰੀ ਨੇ ਬਾਅਦ ’ਚ ਲਿਖਤੀ ਮੁਆਫ਼ੀ ਮੰਗੀ ਪਰ ਕਿਸੇ ਹੋਰ ਵਿਵਾਦ ਤੋਂ ਬਚਣ ਲਈ ਉਸ ਨੂੰ ਉਤਾਰ ਦਿੱਤਾ ਗਿਆ।