Sports
ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਮਗਾ ,ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

27ਅਗਸਤ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨੇਤਰਹੀਣ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ IBSA ਵਿਸ਼ਵ ਖੇਡਾਂ ‘ਚ ਸੋਨ ਤਮਗਾ ਜਿੱਤਣ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੀ ਸਫਲਤਾ ‘ਤੇ ਮਾਣ ਹੈ। ਭਾਰਤ ਦੀ ਨੇਤਰਹੀਣ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ ਆਈਬੀਐਸਏ ਵਿਸ਼ਵ ਖੇਡਾਂ ਦੇ ਫਾਈਨਲ ਵਿੱਚ ਆਸਟਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਆਸਟਰੇਲੀਆ ਨੂੰ ਅੱਠ ਵਿਕਟਾਂ ’ਤੇ 114 ਦੌੜਾਂ ’ਤੇ ਢੇਰ ਕਰ ਦਿੱਤਾ ਅਤੇ ਫਿਰ 3.3 ਓਵਰਾਂ ਵਿੱਚ 42 ਦੌੜਾਂ ਦੇ ਸੰਸ਼ੋਧਿਤ ਟੀਚੇ ਦਾ ਪਿੱਛਾ ਕਰ ਲਿਆ।
ਮੋਦੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ: “ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੂੰ IBSA ਵਿਸ਼ਵ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਲਈ ਵਧਾਈ! ਇੱਕ ਯਾਦਗਾਰ ਪ੍ਰਾਪਤੀ ਜੋ ਸਾਡੀਆਂ ਮਹਿਲਾ ਖਿਡਾਰੀਆਂ ਦੀ ਅਦੁੱਤੀ ਭਾਵਨਾ ਅਤੇ ਪ੍ਰਤਿਭਾ ਨੂੰ ਦਰਸਾਉਂਦੀ ਹੈ। ਭਾਰਤ ਮਾਣ ਨਾਲ ਚਮਕ ਰਿਹਾ ਹੈ।” ਇਹ ਵਿਸ਼ਵ ਖੇਡਾਂ ਦਾ ਪਹਿਲਾ ਫਾਈਨਲ ਸੀ ਅਤੇ ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾਇਆ ਸੀ।