Governance
ਬੇਅਦਬੀ ਮਾਮਲਿਆਂ ਦੀ ਜਾਂਚ: ਸੀਬੀਆਈ ਨੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਰਿਵਿਉ ਪਟੀਸ਼ਨ ਕੀਤੀ ਦਾਇਰ
20 ਫਰਵਰੀ ਨੂੰ ਸੁਪਰੀਮ ਕੋਰਟ ਨੇ ਖਾਰਜ ਕੀਤੀ ਸੀ ਸੀਬੀਆਈ ਦੀ SLP
ਮੁਹਾਲੀ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ CBI ਦੀ ਅਪੀਲ ‘ਤੇ ਸੁਣਵਾਈ 1 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। CBI ਨੇ ਅਦਾਲਤ ਵਿਚ ਦੱਸਿਆ ਕਿ ਉਸਨੇ ਸੁਪਰੀਮ ਕੋਰਟ ਵਿਚ ਇਕ ਰਿਵਿਉ ਪਟੀਸ਼ਨ ਦਾਇਰ ਕੀਤੀ ਹੈ ਜਿਸਦੇ ਫੈਸਲੇ ਤੋਂ ਬਾਅਦ ਹੀ ਅਗਲੀ ਸੁਣਵਾਈ ਤੈਅ ਕੀਤੀ ਜਾਵੇ। ਅਦਾਲਤ ਨੇ CBI ਦੀ ਅਪੀਲ ਸਵੀਕਾਰ ਕਰਦਿਆਂ ਸੁਣਵਾਈ 1 ਅਪ੍ਰੈਲ ‘ਤੇ ਪਾ ਦਿੱਤੀ ਹੈ। ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸੀਬੀਆਈ ਨੇ ਰਿਵਿਉ ਪਟੀਸ਼ਨ ਦਾਇਰ ਕਰ ਦਿਤੀ ਹੈ। ਸੀਬੀਆਈ ਨੇ ਇਸਦੀ ਜਾਣਕਾਰੀ 5 ਮਾਰਚ 2020 ਨੂੰ ਮੋਹਾਲੀ ਦੀ ਅਦਾਲਤ ‘ਚ ਦਿੱਤੀ ਹੈ। ਇਹ ਰਿਵਿਉ ਪਟੀਸ਼ਨ ਸੁਪ੍ਰੀਮ ਕੋਰਟ ਦੇ 20 ਫਰਵਰੀ ਨੂੰ ਆਏ ਫੈਸਲੇ ਖਿਲਾਫ ਦਾਇਰ ਕੀਤੀ ਗਈ ਹੈ। ਜਿਸ ਵਿਚ ਸੁਪ੍ਰੀਮ ਕੋਰਟ ਨੇ ਸੀਬੀਆਈ ਦੀ ਉਸ ਅਰਜੀ ਨੂੰ ਤਕਨੀਕੀ ਗਰਾਉਂਡ ‘ਤੇ ਖਾਰਜ ਕਰ ਦਿੱਤਾ ਸੀ। ਜਿਸ ਤਹਿਤ ਸੀਬੀਆਈ ਨੇ 25 ਜਨਵਰੀ 2019 ਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਖਿਲਾਫ ਅਪੀਲ ਕੀਤੀ ਸੀ। ਹਾਈਕੋਰਟ ਦੇ ਫੈਸਲੇ ਵਿੱਚ ਬੇਅਦਬੀ ਮਾਮਲੇ ਦੀ ਪੜਤਾਲ ਸੂਬਾ ਸਰਕਾਰ ਵਲੋਂ ਕਰਾਏ ਜਾਣ ਅਤੇ CBI ਤੋਂ ਜਾਂਚ ਵਾਪਸ ਲਏ ਜਾਣ ਨੂੰ ਜਾਇਜ ਕਰਾਰ ਦਿੱਤਾ ਗਿਆ ਸੀ।
ਹੁਣ ਮੋਹਾਲੀ ਸਥਿਤ ਸੀਬੀਆਈ ਕੋਰਟ ‘ਚ ਇੱਕ ਅਪ੍ਰੈਲ ਨੂੰ ਇਸਦੀ ਸੁਣਵਾਈ ਹੋਵੇਗੀ। ਦਰਅਸਲ ਸੀਬੀਆਈ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਬ ਦੀ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਵਿੱਚ ਉਹ ਕੁਝ ਤੱਥਾਂ ਦੀ ਜਾਂਚ ਕਰਨਾ ਚਾਹੁੰਦੇ ਹਨ। ਸੀਬੀਆਈ ਨੇ ਇਹ ਅਰਜ਼ੀ, ਸੂਬਾ ਸਰਕਾਰ ਵਲੋਂ ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪਾਈ ਰਿਵਿਊ ਪਟੀਸ਼ਨ ਤੋਂ ਇੱਕ ਹਫ਼ਤੇ ਬਾਅਦ ਹੀ ਪਾ ਦਿੱਤੀ ਸੀ। ਦਰਅਸਲ ਪੰਜਾਬ ਸਰਕਾਰ ਨੇ ਕਲੋਜ਼ਰ ਰਿਪੋਰਟ ਦੀ ਕਾਪੀ ਦੀ ਮੰਗ ਕੀਤੀ ਸੀ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਰਤ ਮਾਮਲਾ ਕਰਾਰ ਦਿੱਤਾ ਸੀ। ਉਨ੍ਹਾਂ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਸੀਬੀਆਈ ਦੀ ਅਰਜ਼ੀ ਖਿਲਾਫ਼ ਮਜ਼ਬੂਤ ਕੇਸ ਬਣਾਉਣ ਦੀ ਮੰਗ ਕੀਤੀ ਸੀ।