Punjab
ਆਈ.ਓ.ਸੀ.ਐਲ ਇੰਡੇਨ ਐਲ.ਪੀ.ਜੀ ਬੋਟਲਿੰਗ ਪਲਾਟ ਨੇ ਕਰਵਾਈ ਆਫ਼ਸਾਈਟ ਮੋਕ ਡਰਿੱਲ
ਨਾਭਾ/ਪਟਿਆਲਾ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਇੰਡੇਨ ਐਲ.ਪੀ.ਜੀ. ਬੋਟਲਿੰਗ ਪਲਾਟ ਨਾਭਾ ਵੱਲੋਂ ਅੱਜ ਅਗਰਵਾਲ ਢਾਬਾ ਭਵਾਨੀਗੜ੍ਹ ਰੋੜ ਨਾਭਾ ਵਿਖੇ ਆਫਸਾਈਟ ਮੋਕ ਫਾਇਰ ਡਰਿੱਲ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੇਨ ਬੋਟਲਿੰਗ ਪਲਾਟ ਨਾਭਾ ਦੇ ਡਿਪਟੀ ਜਨਰਲ ਮੈਨੇਜਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਮੋਕ ਡਰਿੱਲ ਕਿਸੇ ਘਟਨਾ ਸਮੇਂ ਦੀਆਂ ਤਿਆਰੀਆਂ ਅਤੇ ਹੋਰਨਾਂ ਵਿਭਾਗਾਂ ਨਾਲ ਹੰਗਾਮੀ ਹਾਲਤਾਂ ‘ਚ ਤਾਲਮੇਲ ਕਰਨ ਦੇ ਅਭਿਆਸ ਦਾ ਹਿੱਸਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਕਰਵਾਈ ਗਈ ਸਫਲ ਆਫ਼ਸਾਈਟ ਮੋਕ ਫਾਇਰ ਡਰਿੱਲ ਮੌਕੇ ਨਾਇਬ ਤਹਿਸੀਲਦਾਰ ਰਾਜਵਿੰਦਰ ਸਿੰਘ, ਡਿਪਟੀ ਡਾਇਰੈਕਟਰ ਫੈਕਟਰੀਜ਼ ਨਰਿੰਦਰ ਸਿੰਘ, ਚੀਫ ਫਾਇਰ ਅਫ਼ਸਰ ਲਵ ਕੁਸ਼, ਸੀਨੀਅਰ ਮੈਡੀਕਲ ਅਫਸਰ ਦਲਬੀਰ ਕੌਰ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਡਿਪਟੀ ਜਨਰਲ ਮੈਨੇਜਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਇਸ ਮੋਕ ਡਰਿੱਲ ‘ਚ ਸਾਰੇ ਸਬੰਧਤ ਵਿਭਾਗਾਂ ਨੇ ਆਪਸੀ ਤਾਲਮੇਲ ਨਾਲ ਆਪਣੀ ਆਪਣੀ ਭੂਮਿਕਾ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਉਨ੍ਹਾਂ ਦੱਸਿਆ ਸਾਰੀ ਮੋਕ ਡਰਿੱਲ ਦੀ ਅਗਵਾਈ ਡਿਪਾਰਟਮੈਂਟ ਆਫ਼ ਫੈਕਟਰੀਜ਼ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮੋਕ ਡਰਿੱਲ ਸਮੇਂ ਸਮੇਂ ‘ਤੇ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਤਾਂ ਜੋ ਸਬੰਧਤ ਵਿਭਾਗਾਂ ਨਾਲ ਚੰਗਾ ਤਾਲਮੇਲ ਰਹਿ ਸਕੇ ਅਤੇ ਕਿਸੇ ਹੰਗਾਮੀ ਹਾਲਾਤ ਮੌਕੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਇਸ ਮੋਕ ਡਰਿੱਲ ‘ਚ ਸ਼ਾਮਲ ਹੋਏ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਭ ਦੇ ਸਹਿਯੋਗ ਨਾਲ ਅੱਜ ਦਾ ਮੋਕ ਫਾਇਰ ਡਰਿੱਲ ਸਫਲ ਰਿਹਾ ਹੈ ਅਤੇ ਇਸੇ ਤਰ੍ਹਾਂ ਸਮੂਹ ਵਿਭਾਗਾਂ ਦੇ ਸਹਿਯੋਗ ਨਾਲ ਭਵਿੱਖ ‘ਚ ਵੀ ਇਸ ਦਿਸ਼ਾ ‘ਚ ਹੋਰ ਕੰਮ ਕੀਤਾ ਜਾਵੇਗਾ।