Punjab
ਕੋਵਿਡ -19 ਦੇ ਖ਼ਤਰੇ ਨਾਲ ਨਜਿੱਠਣ ਲਈ ਜਲ ਸਪਲਾਈ ਵਿਭਾਗ ਨੇ ਸਥਾਪਤ ਕੀਤੇ ਆਈਸੋਲੇਸ਼ਨ ਸੈਂਟਰ
- ਪਿੰਡ ਢਾਹਾਂ ਕਲੇਰਾਂ ਵਿਖੇ ਸਾਰੀਆਂ ਸਹੂਲਤਾਂ ਨਾਲ ਲੈਸ 50 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ ਥੋੜ•ੇ ਸਮੇਂ ਵਿੱਚ ਕੀਤਾ ਸਥਾਪਤ
ਚੰਡੀਗੜ੍ਹ, 26 ਜੂਨ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਕੋਵਿਡ -19 ਮਾਮਲਿਆਂ ਵਿਚ ਵਾਧਾ ਹੋਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਸੰਭਾਲਣ ਲਈ ਬੁਨਿਆਦੀ ਸਹੂਲਤਾਂ ਵਧਾਉਣ ਲਈ ਐਮਰਜੈਂਸੀ ਉਪਾਅ ਵਿੱਢ ਦਿੱਤੇ ਹਨ। ਵਿਭਾਗ ਵਲੋਂ ਸਾਰੇ ਜ਼ਿਲਿ•ਆਂ ਦੀਆਂ ਵੱਖ ਵੱਖ ਥਾਵਾਂ ਤੇ ਆਈਸੋਲੇਸ਼ਨ ਬੈੱਡਾਂ ਦੀ ਵਿਵਸਥਾ ਵਾਲੇ ਡੈਡੀਕੇਟਿਡ ਕੋਵਿਡ ਕੇਅਰ ਯੂਨਿਟ ਸਥਾਪਤ ਕਰਨ ਸਬੰਧੀ ਕਾਰਜ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ, ਰਜ਼ੀਆ ਸੁਲਤਾਨਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ।
ਰਜ਼ੀਆ ਸੁਲਤਾਨਾ ਨੇ ਇਸ ਦਿਸ਼ਾ ਵਿੱਚ ਆਰੰਭੇ ਗਏ ਕਾਰਜਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਬੀ ਐਂਡ ਆਰ ਵਿਭਾਗ ਅਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਐਸ ਬੀ ਐਸ ਨਗਰ ਦੇ ਪਿੰਡ ਢਾਹਾਂ ਕਲੇਰਾਂ ਵਿਖੇ 50 ਬਿਸਤਰਿਆਂ ਦੀ ਸਮਰੱਥਾ ਵਾਲਾ ਅਜਿਹਾ ਇਕ ਇਕੱਲਤਾ ਕੇਂਦਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮਰੀਜ਼ਾਂ ਦੀ ਸਹੂਲਤ ਲਈ 9 ਏਅਰ ਕੰਡੀਸ਼ਨਿੰਗ ਸਿਸਟਮ ਸਥਾਪਿਤ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਵੈਂਟੀਲੇਸ਼ਨ ਸਿਸਟਮ ਸਮਤੇ ਛੱਤ ਦੇ ਉਪਰਲੇ ਪਾਸੇ ਸੋਡੀਅਮ ਹਾਈਪੋਕਲੋਰਾਈਟ ਘੋਲ ਵਾਲਾ ਟੈਂਕ ਵੀ ਪ੍ਰਦਾਨ ਕਰਵਾਇਆ ਗਿਆ ਹੈ। ਸੁਲਤਾਨਾ ਨੇ ਕਿਹਾ ਕਿ ਸੰਕਟ ਨਾਲ ਨਜਿੱਠਣ ਲਈ ਦੂਜੇ ਹਸਪਤਾਲਾਂ ਦੇ ਸਿਹਤ ਢਾਂਚੇ ਨੂੰ ਵੀ ਹੋਰ ਪੁਖ਼ਤਾ ਕੀਤਾ ਜਾ ਰਿਹਾ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਆਈਸੋਲੇਸ਼ਨ ਕੇਂਦਰ ਤੱਕ ਨਿਰੰਤਰ ਪਾਣੀ ਦੀ ਸਪਲਾਈ ਅਤੇ ਨਿਰਵਿਘਨ ਸੀਵਰੇਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਭਾਗ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਗਾ ਬਲਾਕ ਦੇ ਸਾਰੇ ਪਿੰਡਾਂ ਨਾਲ ਸਬੰਧਤ 40 ਪੰਪ ਓਪਰੇਟਰਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਸਬੰਧੀ ਸਿਹਤ ਸਾਵਧਾਨੀਆਂ ਤੇ ਉਪਾਵਾਂ ਦੀ ਸਿਖਲਾਈ ਵੀ ਦਿੱਤੀ ਗਈ ਹੈ। ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪਾਣੀ ਨੂੰ ਬਕਾਇਦਾ ਰੋਗਾਣੂ ਮੁਕਤ ਕੀਤਾ ਜਾ ਰਿਹਾ ਹੈ। ਪੰਪ ਚਾਲਕ ,ਚਲਾਈਆਂ ਜਾ ਰਹੀਆਂ ਜਲ ਸਪਲਾਈ ਸਕੀਮਾਂ ਨੂੰ ਬਣਾਈ ਰੱਖਣ ਲਈ ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀਆਂ ਨਾਲ ਵੀ ਸੰਪਰਕ ਕਰ ਰਹੇ ਹਨ। ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖਰਾਬੀ ਹੋਣ, ਲੀਕੇਜ ਆਦਿ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਭਾਗ ਵਲੋਂ ਮੁਰੰਮਤ ਸਮੱਗਰੀ ਸਮੇਤ ਤਕਨੀਕੀ ਸਹਾਇਤਾ ਤੁਰੰਤ ਮੁਹੱਈਆ ਕਰਵਾਈ ਜਾ ਰਹੀ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਵਿਭਾਗ ਨੇ ਕੇ.ਸੀ. ਇੰਜੀਨੀਅਰਿੰਗ ਕਾਲਜ, ਐਸ.ਬੀ.ਐੱਸ. ਨਗਰ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਵਿਚ ਪਖਾਨਿਆਂ ਦਾ ਨਵੀਨੀਕਰਨ ਕੀਤਾ ਹੈ ਤਾਂ ਜੋ ਮਰੀਜ਼ਾਂ ਲਈ ਸੈਨੀਟੇਸ਼ਨ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।ਇਸੇ ਤਰ੍ਹਾਂ ਬਹੁਤ ਥੋੜ੍ਹੇ ਸਮੇਂ ਵਿਚ ਹੀ 3 ਪੀਣ ਵਾਲੇ ਵਾਟਰ ਕੂਲਰਜ(ਆਰ.ਓ ਸਿਸਟਮ ਸਮੇਤ) ਅਤੇ 4 ਏਅਰ ਕੰਡੀਸ਼ਨਿੰਗ ਯੂਨਿਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ।