Punjab
ਆਈ.ਟੀ.ਬੀ.ਪੀ. ਨੇ ਲਗਾਏ ਸਨੌਰ ਖੇਤਰ ‘ਚ 2180 ਬੂਟੇ

ਪਟਿਆਲਾ:
ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਵੱਲੋਂ ਅੱਜ ਸਨੌਰ ਵਿਖੇ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਆਈ.ਟੀ.ਬੀ.ਪੀ. ਅਧਿਕਾਰੀਆਂ ਵੱਲੋਂ ਨਿੰਮ, ਅੰਬ, ਅਮਰੂਦ, ਸ਼ੀਸ਼ਮ, ਜਾਮਨ ਸਮੇਤ ਛਾਂਦਾਰ ਅਤੇ ਫਲਦਾਰ 2180 ਬੂਟੇ ਲਗਾਏ ਗਏ ਹਨ।
ਇਸ ਮੌਕੇ ਆਈ.ਟੀ.ਬੀ.ਪੀ. ਦੇ ਉਪ ਕਮਾਂਡੈਂਟ ਸਤਵਿੰਦਰ ਸਿੰਘ ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਅਤੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਨੂੰ ਮਨਾਉਂਦੇ ਹੋਏ ਆਈ.ਟੀ.ਬੀ.ਪੀ ਕੈਂਪਸ ਚੌਰਾ ਅਤੇ ਇਸ ਦੇ ਨੇੜਲੇ ਖੇਤਰਾਂ ‘ਚ ਅਨੇਕਾਂ ਬੂਟੇ ਲਗਾਏ ਜਾ ਰਹੇ ਹਨ।
ਕਮਾਂਡੈਂਟ ਬ੍ਰਿਜ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਵੱਲੋਂ ਸਮੇਂ ਸਮੇਂ ‘ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੋ ਜੰਗਲਾਂ ਹੇਠ ਰਕਬੇ ਨੂੰ ਵਧਾਇਆ ਜਾ ਸਕੇ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਮੌਸਮ ਬੂਟੇ ਲਗਾਉਣ ਲਈ ਢੁਕਵਾਂ ਸਮਾਂ ਹੁੰਦਾ ਤੇ ਬੂਟਿਆਂ ਦੇ ਚੱਲਣ ਦੀ ਸੰਭਾਵਨਾ ਵੀ ਹੋਰਨਾਂ ਮਹੀਨਿਆਂ ਨਾਲੋ ਜ਼ਿਆਦਾ ਹੋਣ ਕਾਰਨ ਆਈ.ਟੀ.ਬੀ.ਪੀ ਵੱਲੋਂ ਜੂਨ ਤੇ ਜੁਲਾਈ ਮਹੀਨੇ ‘ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੋ ਕੁਦਰਤ ਤੇ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕੇ। ਇਸ ਮੌਕੇ ਸੁਨੀਲ ਕੁਮਾਰ ਵੀ ਮੌਜੂਦ ਸਨ।