Connect with us

Punjab

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਨੈਕ ਤਾਲਮੇਲ ਕਮੇਟੀ ਦੇ ਚੇਅਰਮੈਨ ਨਿਯੁਕਤ

Published

on

ਪਟਿਆਲਾ:

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਾਲਜਾਂ ਦੀ ਨੈਕ ਮਾਨਤਾ ਪ੍ਰਾਪਤ ਕਰਵਾਉਣ ਦਾ ਕਾਰਜ ਸੌਂਪਿਆ ਗਿਆ ਹੈ। ਨੈਕ ਮਾਨਤਾ ਦੀ ਮਹੱਤਤਾ ਨੂੰ ਸਮਝਦੇ ਹੋਏ, ਪੰਜਾਬ ਸਰਕਾਰ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੂੰ 10 ਮੈਂਬਰੀ ਤਾਲਮੇਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਜਿਸ ‘ਚ ਡੀ.ਪੀ.ਆਈ ਕਾਲਜ (ਪੰਜਾਬ), ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਕੁਝ ਕਾਲਜਾਂ ਦੇ ਪ੍ਰਿੰਸੀਪਲ ਅਤੇ ਆਈ.ਕਿਊ.ਏ.ਸੀ. ਦੇ ਡਾਇਰੈਕਟਰ ਸ਼ਾਮਲ ਹਨ।

ਕਾਲਜਾਂ ਨੂੰ ਮਾਨਤਾ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰੋ: ਕਰਮਜੀਤ ਸਿੰਘ ਨੇ ਦੱਸਿਆ ਕਿ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ 30 ਸਤੰਬਰ ਨੂੰ ਹੋਵੇਗੀ, ਜਿੱਥੇ ਸਰਕਾਰ ਦੇ ਹੁਕਮਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਰਣਨੀਤੀ ਉਲੀਕੀ ਜਾਵੇਗੀ। ਉਹਨਾਂ ਦੱਸਿਆ ਕਿ ਉਹ ਡਾਇਰੈਕਟਰ, ਨੈਕ ਦੇ ਸੰਪਰਕ ਵਿੱਚ ਹਨ ਅਤੇ ਨੈਕ ਮਾਹਿਰਾਂ ਦੀ ਮਦਦ ਨਾਲ ਦੋ ਵਰਕਸ਼ਾਪਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਜਿੱਥੇ ਪਾਠਕ੍ਰਮ ਦੇ ਪਹਿਲੂਆਂ ਵਾਲੇ ਸੱਤ ਮਾਪਦੰਡ (ਟੀਚਿੰਗ-ਲਰਨਿੰਗ ਅਤੇ ਮੁਲਾਂਕਣ, ਰਿਸਰਚ, ਕੰਸਲਟੈਂਸੀ ਅਤੇ ਐਕਸਟੈਂਸ਼ਨ, ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ, ਵਿਦਿਆਰਥੀ ਸਹਾਇਤਾ ਅਤੇ ਤਰੱਕੀ, ਗਵਰਨੈਂਸ, ਲੀਡਰਸ਼ਿਪ ਅਤੇ ਪ੍ਰਬੰਧਨ, ਸੰਸਥਾਗਤ ਮੁੱਲ ਅਤੇ ਵਧੀਆ ਅਭਿਆਸ) ਮੁਲਾਂਕਣ ਦੇ ਸਬੰਧ ਵਿੱਚ ਨੈਕ ਮਾਨਤਾ ਪ੍ਰਕਿਰਿਆ ਦੀ ਵਿਆਖਿਆ ਕੀਤੀ ਜਾਵੇਗੀ। ਨੈਕ ਦੇ ਮਾਹਰ ਸ਼ੰਕਿਆਂ ਨੂੰ ਸਪਸ਼ਟ ਕਰਨਗੇ ਅਤੇ ਨੈਕ ਮਾਨਤਾ ਪ੍ਰਕਿਰਿਆ ਦੀਆਂ ਲੋੜੀਂਦੀਆਂ ਬਾਰੀਕੀਆਂ ਦੀ ਵਿਆਖਿਆ ਕਰਨਗੇ। ਉਨ੍ਹਾਂ ਦੱਸਿਆ ਕਿ ਡਾ: ਅਮੀਤੋਜ ਸਿੰਘ, ਕੋਆਰਡੀਨੇਟਰ ਆਈ.ਕਿਊ.ਏ.ਸੀ., ਜੇ.ਜੀ.ਐਨ.ਡੀ.ਪੀ.ਐਸ.ਓ.ਯੂ ਕੋਆਰਡੀਨੇਸ਼ਨ ਕਮੇਟੀ ਦੇ ਸਕੱਤਰ ਹਨ।

ਜ਼ਿਕਰਯੋਗ ਹੈ ਕਿ ਕਿਸੇ ਵੀ ਸੰਸਥਾ ਲਈ ਨੈਕ ਮਾਨਤਾ ਇੱਕ ਸਮੀਖਿਆ ਪ੍ਰਕਿਰਿਆ ਹੈ ਜੋ ਯੋਜਨਾ ਅਤੇ ਸਰੋਤ ਵੰਡ ਦੇ ਅੰਦਰੂਨੀ ਖੇਤਰਾਂ ਦੀ ਪਛਾਣ ਦੁਆਰਾ ਉਸ ਦੀਆਂ ਸ਼ਕਤੀਆਂ, ਕਮਜ਼ੋਰੀਆਂ ਅਤੇ ਮੌਕਿਆਂ ਨੂੰ ਜਾਣਨ ਵਿੱਚ ਮਦਦ ਕਰਦੀ ਹੈ। ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਯੂ.ਜੀ.ਸੀ. ਦੇ ਪੈਰਾ ਨੰ. 4 ਅਨੁਸਾਰ ਹਰੇਕ ਉੱਚ ਵਿਦਿਅਕ ਸੰਸਥਾ ਲਈ ਦੋ ਬੈਚਾਂ ਜਾਂ ਛੇ ਸਾਲ, ਜੋ ਵੀ ਪਹਿਲਾਂ ਆਵੇ, ਪਾਸ ਕਰਵਾਉਣ ਤੋਂ ਬਾਅਦ ਨੈਕ ਮਾਨਤਾ ਪ੍ਰਾਪਤ ਕਰਨਾ ਲਾਜ਼ਮੀ ਹੈ। ਨੋਟੀਫਿਕੇਸ਼ਨ ਦੀ ਧਾਰਾ 7 ਦੇ ਅਨੁਸਾਰ, ਗ੍ਰਾਂਟਾਂ ਪ੍ਰਾਪਤ ਕਰਨ ਲਈ ਮੁਲਾਂਕਣ ਅਤੇ ਨੈਕ ਮਾਨਤਾ ਇੱਕ ਪੂਰਵ-ਲੋੜ ਹੈ।

ਹਰ ਪੰਜ ਸਾਲਾਂ ਬਾਅਦ, ਹਰੇਕ ਕਾਲਜ ਨੂੰ ਨੈਕ ਦੀ ਮਾਨਤਾ ਪ੍ਰਾਪਤ ਕਰਨੀ ਪੈਂਦੀ ਹੈ। ਇਸ ਸਮੇਂ ਪੰਜਾਬ ਵਿੱਚ ਇੱਕ ਹਜ਼ਾਰ ਦੇ ਕਰੀਬ ਕਾਲਜ ਹਨ, ਪਰ ਨੈਕ ਦੀ ਵੈੱਬਸਾਈਟ ‘ਤੇ ਉਪਲਬਧ ਅੰਕੜਿਆਂ ਅਨੁਸਾਰ ਸਿਰਫ਼ 59 ਕਾਲਜਾਂ ਕੋਲ ਹੀ ਨੈਕ ਮਾਨਤਾ ਪ੍ਰਾਪਤ ਹੈ। ਜਿਨ੍ਹਾਂ ਕਾਲਜਾਂ ਨੂੰ ਮਾਨਤਾ ਪ੍ਰਾਪਤ ਨਹੀਂ ਹੈ, ਉਹ ਯੂ.ਜੀ.ਸੀ ਗ੍ਰਾਂਟਾਂ ਲੈਣ ਦੇ ਯੋਗ ਨਹੀਂ ਹੋਣਗੇ। ਪ੍ਰੋ: ਕਰਮਜੀਤ ਸਿੰਘ, ਵਾਈਸ-ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਜੋ ਲੰਬੇ ਸਮੇਂ ਤੋਂ ਨੈਕ ਨਾਲ ਜੁੜੇ ਹੋਏ ਹਨ ਅਤੇ ਇਸ ਖੇਤਰ ਵਿੱਚ ਮੁਹਾਰਤ ਰੱਖਦੇ ਹਨ, ਨੂੰ ਇਸ ਤੋਂ ਪਹਿਲਾਂ ਨੈਕ ਬੈਗਲੂਰ ਦੁਆਰਾ ਪੰਜਾਬ ਦੀਆਂ ਮਾਨਤਾ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ਦਾ ਰਾਜ ਪੱਧਰੀ ਵਿਸ਼ਲੇਸ਼ਣ ਤਿਆਰ ਕਰਨ ਲਈ ਨਿਯੁਕਤ ਕੀਤਾ ਗਿਆ ਸੀ।