Punjab
ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਪਟਿਆਲਾ ਜੇਲ੍ਹ ਦਾ ਦੌਰਾ ਕਰਨ ਸਮੇਂ ਜੇਲ੍ਹ ਮੈਨੁਅਲ ਦੀ ਉਲੰਘਣਾ ਕਰਨ ਦੀ ਜਾਂਚ ਹੋਵੇ : ਵਿਰਸਾ ਸਿੰਘ ਵਲਟੋਹਾ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 25 ਮਾਰਚ ਨੁੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਕੀਤੇ ਗਏ ਦੌਰੇ ਸਮੇਂ ਜੇਲ੍ਹ ਮੈਨੁਅਲ ਦੀ ਉਲੰਘਣਾ ਕਰਨ ਦੀ ਜਾਂਚ ਕੀਤੀ ਜਾਵੇ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਦੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਦੋ ਸਹਾਇਕ ਸਬ ਇੰਸਪੈਕਟਰ ਆਪਣੇ ਹਥਿਆਰ ਲੈ ਕੇ ਜੇਲ੍ਹ ਮੰਤਰੀ ਦੇ ਨਾਲ ਜੇਲ੍ਹ ਦੇ ਅੰਦਰ ਘੁੰਮਦੇ ਨਜ਼ਰ ਆਉਂਦੇ ਹਨ।
ਉਹਨਾਂ ਕਿਹਾ ਕਿ ਜੇਲ੍ਹ ਮੈਨੁਅਲ ਦੇ ਮੁਤਾਬਕ ਜੇਲ੍ਹ ਦੇ ਅੰਦਰ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਹੀਂ ਜਾ ਸਕਦਾ ਭਾਵੇਂ ਉਹ ਕਿੰਨਾ ਵੀ ਵੱਡਾ ਅਧਿਕਾਰੀ ਕਿਉਂ ਨਾ ਹੋਵੇ ਜਾਂ ਸੰਵਿਧਾਨਕ ਅਹੁਦੇ ’ਤੇ ਕਿਉਂ ਨਾ ਬੈਠਾ ਹੋਵੇ।ਉਹਨਾਂ ਮੰਗ ਕੀਤੀ ਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੌਰੇ ਵੇਲੇ ਜਦੋਂ ਜੇਲ੍ਹ ਮੈਨੁਅਲ ਦੀ ਉਲੰਘਣਾ ਹੋਈ ਤਾਂ ਉਸ ਵੇਲੇ ਮੌਜੂਦਤ ਅਧਿਕਾਰੀਆਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ। ਇਹਨਾਂ ਅਧਿਕਾਰੀਆਂ ਨੁੰ ਨੌਕਰੀ ਤੋਂ ਡਿਸਮਸ ਕੀਤਾ ਜਾਵੇ। ਜਿਹਨਾਂ ਨੇ ਕਾਨੁੰਨਾਂ ਦੇ ਉਲੰਘਣਾ ਕੀਤੀ ਹੈ
ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਖਿਲਾਫ ਵੀ ਕਾਨੁੰਨੀ ਕਾਰਵਾਈ ਕੀਤੀ ਜਾਵੇ।ਵਲਟੋਹਾ ਨੇ ਇਹ ਵੀ ਮੰਗ ਕੀਤੀ ਕਿ ਜਿਸ ਦਿਨ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਸ ਦਿਨ ਜੇਲ੍ਹ ਦਾ ਦੌਰਾ ਕੀਤਾ, ਉਸ ਦਿਨ ਦੀ ਜੇਲ੍ਹ ਦੀ ਸਾਰੀ ਸੀ ਸੀ ਟੀ ਵੀ ਫੁਟੇਜ, ਵੀਡੀਓ ਤੇ ਤਸਵੀਰਾਂ ਸੰਭਾਲ ਕੇ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਸਬੂਤਾਂ ਨਾਲ ਕਿਸੇ ਤਰੀਕੇ ਦੀ ਵੀ ਛੇੜਛਾੜ ਨਾ ਹੋ ਸਕੇ।