National
ਜੰਮੂ-ਕਸ਼ਮੀਰ: ਕਠੂਆ ਜ਼ਿਲ੍ਹੇ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹੋਇਆ ਭਿਆਨਕ ਧਮਾਕਾ, ਜ਼ਮੀਨ ਵਿੱਚ ਪਿਆ ਵੱਡਾ ਟੋਆ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਿੰਡ ‘ਚ ਜ਼ਬਰਦਸਤ ਧਮਾਕੇ ਨਾਲ ਜ਼ਮੀਨ ‘ਚ ਵੱਡਾ ਟੋਆ ਪੈ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਆਈਈਡੀ ਧਮਾਕਾ ਜਾਪਦਾ ਹੈ। ਸ਼ੱਕ ਹੈ ਕਿ ਆਈਈਡੀ ਨੂੰ ਡਰੋਨ ਦੁਆਰਾ ਲਿਜਾਇਆ ਜਾ ਰਿਹਾ ਸੀ ਅਤੇ ਇਸ ਨੂੰ ਸਰਹੱਦ ਦੇ ਨੇੜੇ ਗਲਤ ਤਰੀਕੇ ਨਾਲ ਸੁੱਟ ਦਿੱਤਾ ਗਿਆ ਸੀ।
ਕਠੂਆ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸ਼ਿਵਦੀਪ ਸਿੰਘ ਜਾਮਵਾਲ ਨੇ ਦੱਸਿਆ ਕਿ ਧਮਾਕੇ ਦੀ ਸੂਚਨਾ ਬੁੱਧਵਾਰ ਰਾਤ ਕਰੀਬ 9.30 ਵਜੇ ਮਿਲੀ। ਸਰਹੱਦੀ ਚੌਕੀ ਤੋਂ ਸਿਰਫ਼ 300 ਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਸਨਿਆਲ ਦੇ ਵਾਸੀ ਅਤੇ ਬਲਾਕ ਵਿਕਾਸ ਕਮੇਟੀ (ਬੀਡੀਸੀ) ਦੇ ਚੇਅਰਮੈਨ ਰਾਮ ਲਾਲ ਕਾਲੀਆ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9.30 ਵਜੇ ਅਸੀਂ ਧਮਾਕੇ ਦੀ ਆਵਾਜ਼ ਸੁਣੀ। ਮੈਂ ਚੌਕੀ ਇੰਚਾਰਜ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਧਮਾਕੇ ਦੀ ਆਵਾਜ਼ ਸੁਣਨ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਡੇਢ ਘੰਟੇ ਬਾਅਦ ਧਮਾਕੇ ਵਾਲੀ ਥਾਂ ਦਾ ਪਤਾ ਲੱਗਾ। ਧਮਾਕੇ ਕਾਰਨ ਇੱਕ ਖੇਤ ਵਿੱਚ ਵੱਡਾ ਟੋਆ ਪੈ ਗਿਆ ਹੈ।