Punjab
ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਕੌਰ ਬੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਹ ਪੋਸਟ
ਸਿੱਧੂ ਮੂਸੇ ਵਾਲਾ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹਰ ਕਲਾਕਾਰ ਸਦਮੇ ਵਿੱਚ ਹੈ। ਹਰ ਕੋਈ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਆਪਣੀ ਰਾਏ ਦੇ ਰਿਹਾ ਹੈ ਅਤੇ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। ਗਾਇਕਾ ਕੌਰ ਬੀ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਨੇ ਆਪਣੇ ਦਿਲ ਦੀ ਗੱਲ ਕੀਤੀ ਹੈ।
ਕੌਰ ਬੀ ਲਿਖਦੀ ਹੈ, ‘‘ਪਤਾ ਨਹੀਂ ਜਿਹੜਾ ਬੰਦਾ ਇੰਨਾ ਚੰਗਾ ਹੁੰਦਾ, ਉਹ ਕਿਉਂ ਛੇਤੀ ਛੱਡ ਕੇ ਚਲਾ ਜਾਂਦਾ। ਇਕ ਵਾਰ ਤਾਂ ਹਨੇਰਾ ਹੋ ਗਿਆ ਪਰ ਦਿਲ ਕਹਿੰਦਾ ਆਊਗਾ ਵਾਪਸ ਜ਼ਰੂਰ। ਨਾ ਕੋਈ ਕੰਮ ਕਰਨ ਨੂੰ ਜੀਅ ਕਰਦਾ, ਨਾ ਕਿਤੇ ਮਨ ਲੱਗ ਰਿਹਾ ਪਰ ਫਿਰ ਵੀ ਸ਼ਾਇਦ ਅਸੀਂ ਸਭ ਥੋੜ੍ਹੇ ਦਿਨਾਂ ਤੱਕ ਸਹੀ ਹੋ ਜਾਵਾਂਗੇ ਪਰ ਧੰਨ ਨੇ ਉਹ ਮਾਤਾ ਜੀ ਬਾਪੂ ਜੀ, ਜਿਨ੍ਹਾਂ ਨੇ ਉਮਰ ਕੱਢਣੀ ਇਸ ਦੁੱਖ ਨਾਲ।’’
ਕੌਰ ਬੀ ਨੇ ਅੱਗੇ ਲਿਖਿਆ, ‘‘15 ਦਿਨਾਂ ਦੀ ਮੁਲਾਕਾਤ 15 ਸਾਲ ਵਰਗੀ ਰਹੀ। ਉਸ ਨੇ ਕਿਹਾ ਸੀ ਕਿ ਮੈਮ ਬਹੁਤ ਗਾਣੇ ਸੁਣੇ ਤੁਹਾਡੇ ਪਰ ਹੁਣ ਜਦੋਂ ਤੁਹਾਨੂੰ ਸੁਣਨ ਵਾਲੇ ਤੜਫ ਰਹੇ, ਉਹ ਵੇਖ ਹੀ ਨਹੀਂ ਰਿਹਾ ਜੱਟਾ। ਜਿੰਨੀ ਵਾਰ ਉਸ ਰੱਬੀ ਰੂਹ ਵਾਲੇ ਮਾਂ-ਪਿਓ ਨੂੰ ਮਿਲੋ ਵੇਖ ਕੇ ਜਾਨ ਨਿਕਲਦੀ ਪਰ ਜਿਵੇਂ ਉਹ ਗੱਲ ਕਰਦੇ, ਅਜੇ ਵੀ ਇੰਨਾ ਵੱਡਾ ਜਿਗਰਾ, ਰੱਬ ਲੰਮੀ ਉਮਰ ਦੇਵੇ ਮਾਪਿਆਂ ਨੂੰ।’’
ਕਰਨ ਔਜਲਾ ਨੂੰ ਬੇਨਤੀ ਕਰਦਿਆਂ ਕੌਰ ਬੀ ਲਿਖਦੀ ਹੈ, ‘‘ਪਹਿਲੀ ਬੇਨਤੀ, ਕਰਨ ਔਜਲਾ ਜੇਕਰ ਸੰਭਵ ਹੋਇਆ ਤਾਂ ਇਕ ਵਾਰ ਇਨ੍ਹਾਂ ਮਾਪਿਆਂ ਨੂੰ ਮਿਲਿਓ ਜ਼ਰੂਰ ਪੁੱਤ ਬਣ ਕੇ। ਦੂਜੀ ਬੇਨਤੀ, ਇਨਸਾਫ ਦੀ ਮੰਗ ਸਾਰੀ ਦੁਨੀਆ ਦੇ ਨਾਲ ਸਾਰੀ ਇੰਡਸਟਰੀ ਦਾ ਵੀ ਹੱਕ, ਜੇ ਅਸੀਂ ਸਭ ਅੱਜ ਨਾ ਇਕੱਠੇ ਹੋਏ, ਸ਼ਾਇਦ ਫਿਰ ਕਦੇ ਹੋ ਵੀ ਨਹੀਂ ਸਕਦੇ।’’ਦੱਸ ਦੇਈਏ ਕਿ ਆਪਣੀ ਪੋਸਟ ’ਚ ਕੌਰ ਬੀ ਨੇ ਪਹਿਲਾਂ ਵੀ ਇਹ ਗੱਲ ਆਖੀ ਸੀ ਕਿ ਕਰਨ ਔਜਲਾ ਸਿੱਧੂ ਦੇ ਮਾਪਿਆਂ ਨੂੰ ਜ਼ਰੂਰ ਮਿਲੇ। ਕਰਨ ਔਜਲਾ ਵਲੋਂ ਵੀ ਸਿੱਧੂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਗਿਆ ਹੈ।