Connect with us

Punjab

ਖੇਡਾਂ ਵਤਨ ਪੰਜਾਬ ਦੀਆਂ 2022 ਦਾ ਸਮਾਪਤੀ ਸਮਾਰੋਹ ਲੁਧਿਆਣਾ ਵਿਖੇ 17 ਨਵੰਬਰ ਨੂੰ

Published

on

ਚੰਡੀਗੜ੍ਹ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ ਕੀਤੇ ਤਹੱਈਏ ਤਹਿਤ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ 2022’ ਦਾ ਸਮਾਪਤੀ ਸਮਾਰੋਹ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 17 ਨਵੰਬਰ ਨੂੰ ਹੋਵੇਗਾ।

ਅੱਜ ਇੱਥੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ, ਜਿਸਦਾ ਪ੍ਰਤੱਖ ਸਬੂਤ ਹੈ ਕਿ 3 ਲੱਖ ਤੋਂ ਵੱਧ ਖਿਡਾਰੀਆਂ ਨੇ 29 ਖੇਡਾਂ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ ਅੰਡਰ 14 ਤੋਂ 50 ਸਾਲ ਤੋਂ ਵੱਧ ਵੱਖ-ਵੱਖ 6 ਉਮਰ ਵਰਗਾਂ ਵਿੱਚ ਹਿੱਸਾ ਲਿਆ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਸਮਾਪਤੀ ਸਮਾਰੋਹ ਦੌਰਾਨ ਮੁੱਖ ਮੰਤਰੀ ਡੀ.ਬੀ.ਟੀ. (ਸਿੱਧੇ ਲਾਭ ਟਰਾਂਸਫਰ) ਰਾਹੀਂ ਸੂਬਾ ਪੱਧਰ ਉਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉੱਤੇ ਆਏ 9000 ਤੋਂ ਵੱਧ ਜੇਤੂ ਖਿਡਾਰੀਆਂ ਨੂੰ 6.85 ਕਰੋੜ ਦੀ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨਗੇ। ਇਸ ਤੋਂ ਇਲਾਵਾ ਤਮਗਾ ਸੂਚੀ ਵਿੱਚ ਓਵਰ ਆਲ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਜ਼ਿਲਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਰੰਗਾਰੰਗ ਸਮਾਰੋਹ ਦੌਰਾਨ ਪੰਜਾਬ ਦੇ ਲੋਕ ਸੰਗੀਤ ਤੇ ਲੋਕ ਨਾਚਾਂ ਦੀਆਂ ਵੰਨਗੀਆਂ ਤੋਂ ਇਲਾਵਾ ਨਾਮਵਾਰ ਲੋਕ ਗਾਇਕ ਕੁਲਵਿੰਦਰ ਬਿੱਲਾ, ਪਰੀ ਪੰਧੇਰ ਤੇ ਅਰਮਾਨ ਢਿੱਲੋਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।