Connect with us

Punjab

‘ਖੇਡਾਂ ਵਤਨ ਪੰਜਾਬ ਦੀਆਂ’ ਨੇ ਹਰੇਕ ਉਮਰ ਵਰਗ ਦੇ ਖਿਡਾਰੀ ਨੂੰ ਦਿੱਤਾ ਪ੍ਰਤਿਭਾ ਦਿਖਾਉਣ ਦਾ ਮੌਕਾ : ਗੁਰਲਾਲ ਘਨੌਰ

Published

on

ਪਟਿਆਲਾ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਦੇ ਨੌਜਵਾਨਾਂ ਨੂੰ ਖੇਡ ਸਭਿਆਚਾਰ ਨਾਲ ਜੋੜਨ ਲਈ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਟਿਆਲਾ ਵਿਖੇ ਚੱਲ ਰਹੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਅੱਜ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਕਬੱਡੀ ਤੇ ਆਰਚਰੀ ਦੇ ਮੁਕਾਬਲਿਆਂ ਵਿਚ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।

ਇਸ ਮੌਕੇ ਸੂਬਾ ਪੱਧਰੀ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਐਮ.ਐਲ.ਏ. ਗੁਰਲਾਲ ਘਨੌਰ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਹਰੇਕ ਉਮਰ ਵਰਗ ਦੇ ਖਿਡਾਰੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਡ ਤੇ ਖਿਡਾਰੀ ਨੂੰ ਮੌਕਾ ਮਿਲਣਾ ਬਹੁਤ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਿਚ ਹਰੇਕ ਉਮਰ ਦੇ ਖਿਡਾਰੀ ਨੂੰ ਮੌਕਾ ਦਿੱਤਾ ਹੈ, ਇਸ ਨਾਲ ਖਿਡਾਰੀਆਂ ਵਿਚ ਆਤਮ ਵਿਸ਼ਵਾਸ ਵਧੇਗਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਖੇਡਾਂ ਜ਼ਿੰਦਗੀ ਵਿੱਚ ਅਨੁਸ਼ਾਸਨ ਤੇ ਸਹਿਣਸ਼ੀਲਤਾ ਜਿਹੇ ਗੁਣ ਪੈਦਾ ਕਰਦੀਆਂ ਹਨ ਜੋ ਇਨਸਾਨ ਦੀ ਕਾਮਯਾਬੀ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜਿੱਤ-ਹਾਰ ਤੋਂ ਉਪਰ ਉੱਠ ਕੇ ਖੇਡ ਭਾਵਨਾ ਨਾਲ ਖੇਡਦਿਆਂ ਹਰ ਮੈਚ ਖਿਡਾਰੀ ਨੂੰ ਬਹੁਤ ਕੁਝ ਨਵਾਂ ਸਿਖਾਉਂਦਾ ਹੈ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਵਿਚੋਂ ਨਿਕਲੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਸੂਬੇ ਦਾ ਨਾਮ ਜ਼ਰੂਰ ਚਮਕਾਉਣਗੇ।