Punjab
ਪੰਜਾਬ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ 18,130 ਕੇਸ ਦਰਜ, ਜਾਣੋ

ਚੰਡੀਗੜ੍ਹ 14ਸਤੰਬਰ 2023: ਪੰਜਾਬ ਸਰਕਾਰ ਦੇ ਸਾਹਮਣੇ ਹੁਣ ਕਈ ਚੁਣੌਤੀਆਂ ਆਇਆ ਹਨ। ਪਰ ਸੂਬੇ ਦੀ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਵਿੱਚ ਵੱਧ ਰਿਹਾ ਨਸ਼ਾ ਹੈ। ‘ਆਪ’ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਕੁੱਲ 18130 ਐਨਡੀਪੀਐਸ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚੋਂ ਕੁੱਲ 1166 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਵੱਲੋਂ ਵੱਖ-ਵੱਖ ਨਸ਼ਾ ਤਸਕਰੀ ਦੇ ਮਾਡਿਊਲਾਂ ਦਾ ਪਰਦਾਫਾਸ਼ ਕਰਨ ਤੋਂ ਇਲਾਵਾ ਸਰਹੱਦੀ ਖੇਤਰਾਂ ਤੋਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ।
ਹੈਰੋਇਨ ਤੋਂ ਲੈ ਕੇ ਭੁੱਕੀ ਤੱਕ ਦਾ ਨਸ਼ਾ ਬਰਾਮਦ
ਏ.ਆਈ.ਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਨੇ ਸੂਬੇ ਦੇ ਸਾਰੇ ਛੋਟੇ-ਵੱਡੇ ਜ਼ਿਲ੍ਹਿਆਂ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਕੁੱਲ 1701.29 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਕੁੱਲ 1145.62 ਕਿਲੋ ਅਫੀਮ ਬਰਾਮਦ ਹੋਈ। ਜਦਕਿ 696.52 ਕੁਇੰਟਲ ਭੁੱਕੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
‘ਆਪ’ ਸਰਕਾਰ ਨੇ 321 ਨਵੇਂ OOAT ਕਲੀਨਿਕ ਬਣਾਏ
ਪੰਜਾਬ ਵਿੱਚ ਪਹਿਲਾਂ ਕੁੱਲ 208 ਆਊਟਪੇਸ਼ੇਂਟ ਓਪੀਔਡ ਅਸਿਸਟੇਡ ਟ੍ਰੀਟਮੈਂਟ (OOAT) ਕਲੀਨਿਕ ਸਨ। ਪਰ ‘ਆਪ’ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ 321 ਨਵੇਂ ਓਟ ਕਲੀਨਿਕ ਬਣਾਏ ਗਏ ਸਨ ਅਤੇ ਇਸ ਵੇਲੇ ਇਨ੍ਹਾਂ ਦੀ ਗਿਣਤੀ 529 ਤੱਕ ਪਹੁੰਚ ਗਈ ਹੈ।
ਪੰਜਾਬ ਵਿੱਚ 55 ਨਸ਼ਾ ਛੁਡਾਊ ਕੇਂਦਰ
ਪੰਜਾਬ ਦੀ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਵੇਲੇ 55 ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਚੱਲ ਰਹੇ ਹਨ। ਪਰ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਿੰਨੇ ਨਵੇਂ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਅਤੇ ਕਿੰਨੇ ਨਸ਼ਾ ਪੀੜਤਾਂ ਦਾ ਇਲਾਜ ਹੋ ਕੇ ਘਰਾਂ ਨੂੰ ਪਰਤਿਆ, ਇਸ ਬਾਰੇ ਸੂਬਾ ਸਰਕਾਰ ਕੋਲ ਕੋਈ ਅੱਪਡੇਟ ਰਿਕਾਰਡ ਨਹੀਂ ਹੈ। ਇਸ ਸਬੰਧੀ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨਾਲ ਕਈ ਦਿਨਾਂ ਤੱਕ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂਕਿ ਏਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਨਸ਼ੇ ਦੇ ਮਰੀਜ਼ਾਂ ਦੇ ਠੀਕ ਹੋਣ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ।
ਵਿਰੋਧੀ ਪਾਰਟੀਆਂ ਨੇ ‘ਆਪ’ ‘ਤੇ ਨਸ਼ਾ ਵਧਾਉਣ ਦਾ ਦੋਸ਼ ਲਾਇਆ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਵਿੱਚ ਨਸ਼ਾ ਵਧਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਨਹੀਂ ਸਗੋਂ ਔਰਤਾਂ ਵੀ ਨਸ਼ਾਖੋਰੀ ਅਤੇ ਤਸਕਰੀ ਵਿੱਚ ਸ਼ਾਮਲ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਇਸ ਮੁੱਦੇ ‘ਤੇ ਪੰਜਾਬ ਕਾਂਗਰਸ ਦਾ ਸਹਿਯੋਗ ਜ਼ਰੂਰੀ ਹੋਇਆ ਤਾਂ ਉਹ ਇਕੱਠੇ ਖੜ੍ਹੇ ਹੋਣਗੇ।