Punjab
ਫਗਵਾੜਾ ਦੇ ਪੰਕਜ ਦੁੱਗਲ ਕਤਲ ਕਾਂਡ ਦਾ ਸੁਲਝਿਆ ਮਾਮਲਾ, ਜਾਣੋ
ਫਗਵਾੜਾ 20ਸਤੰਬਰ 2023: ਫਗਵਾੜਾ ਦੇ ਮੁਹੱਲਾ ਮਨਸਾ ਦੇਵੀ ਨਗਰ ‘ਚ ਬੀਤੀ ਰਾਤ ਇਕ ਅਣਪਛਾਤੇ ਵਿਅਕਤੀ ਵਲੋਂ ਘਰ ‘ਚ ਗੋਲੀ ਮਾਰ ਕੇ ਇਕ ਵਪਾਰੀ ਦਾ ਕਤਲ ਕਰਨ ਦੇ ਮਾਮਲੇ ‘ਚ ਪੁਲਸ ਨੇ ਮਾਮਲਾ ਦਰਜ ਕਰਕੇ ਗੁਆਂਢ ‘ਚ ਰਹਿਣ ਵਾਲੀ ਇਕ ਔਰਤ ਨੂੰ ਹਿਰਾਸਤ ‘ਚ ਲੈ ਲਿਆ ਹੈ। ਹਾਲਾਂਕਿ ਕਤਲ ਦਾ ਇਲਜ਼ਾਮ ਔਰਤ ਦੇ ਪਰਿਵਾਰਕ ਮੈਂਬਰ ‘ਤੇ ਹੈ। ਪੁਲੀਸ ਨੇ ਇਸ ਮਾਮਲੇ ਵਿੱਚ 302 (ਕਤਲ) ਅਤੇ ਅਸਲਾ ਐਕਟ ਦਾ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਪੁਲਿਸ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰੇਗੀ। ਪਰਿਵਾਰ ਨੇ ਦੋਸ਼ੀ ਫੜੇ ਜਾਣ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ।
ਪੁਰਾਣੀ ਰੰਜਿਸ਼ ਕਾਰਨ ਹੋਇਆ ਕਤਲ
ਇਸ ਦੇ ਨਾਲ ਹੀ ਪੁਲਸ ਨੇ ਉਕਤ ਮਾਮਲੇ ‘ਚ ਸ਼ਾਮਲ ਦੋਸ਼ੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ‘ਚੋਂ ਇਕ ਔਰਤ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਹੈ। ਐਸਪੀ ਫਗਵਾੜਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਤਿੰਨੋਂ ਥਾਣਿਆਂ ਦੀ ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜਲਦੀ ਹੀ ਮੁੱਖ ਦੋਸ਼ੀ ਨੂੰ ਪੁਲਿਸ ਗ੍ਰਿਫਤਾਰ ਕਰ ਲਵੇਗੀ। ਮ੍ਰਿਤਕ ਦੀ ਆਪਣੇ ਗੁਆਂਢੀ ਨਾਲ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਕਤਲ ਨੂੰ ਅੰਜਾਮ ਦਿੱਤਾ ਗਿਆ।
ਇਲਾਕੇ ‘ਚ ਭਾਰੀ ਪੁਲਸ ਤਾਇਨਾਤ
ਇਸ ਦੇ ਨਾਲ ਹੀ ਪੁਲਸ ਨੇ ਇਲਾਕੇ ‘ਚ ਵੱਡੀ ਗਿਣਤੀ ‘ਚ ਫੋਰਸ ਤਾਇਨਾਤ ਕਰ ਦਿੱਤੀ ਹੈ ਅਤੇ ਇਲਾਕੇ ਦੇ ਆਲੇ-ਦੁਆਲੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਇਲਾਕਿਆਂ ‘ਚ ਨਾਕਾਬੰਦੀ ਵੀ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਕਾਰ ਸੀਸੀਟੀਵੀ ਵਿਚ ਕੈਦ ਹੋ ਗਈ ਹੈ, ਜਿਸ ਦਾ ਨੰਬਰ ਗੁਆਂਢੀ ਦੀ ਕਾਰ ਦੇ ਨੰਬਰ ਨਾਲ ਮੇਲ ਖਾਂਦਾ ਹੈ। ਜਿਸ ਕਾਰਨ ਪੁਲਿਸ ਕਾਰਵਾਈ ਅੱਗੇ ਵਧ ਰਹੀ ਹੈ ਅਤੇ ਪੁਲਿਸ ਜਲਦ ਹੀ ਦੋਸ਼ੀਆਂ ਤੱਕ ਪਹੁੰਚਣ ਵਿਚ ਕਾਮਯਾਬ ਹੋ ਜਾਵੇਗੀ |