International
ਜਾਣੋ ਦਿਲੀਪ ਕੁਮਾਰ ਦੇ ਸੀਕ੍ਰੇਟ ਮਿਸ਼ਨ ਦੀ ਕਹਾਣੀ
ਬਾਲੀਵੁੱਡ ਦੇ ਟ੍ਰੈਰਜਿਡੀ ਕਿੰਗ ਦਿਲੀਪ ਕੁਮਾਰ ਦਾ 98 ਸਾਲ ਦੀ ਉਮਰ ’ਚ ਮੁੰਬਈ ਦੇ ਹਿੰਦੂਜਾ ਹਸਪਤਾਲ ’ਚ ਦੇਹਾਂਤ ਹੋਣ ’ਤੇ ਦੇਸ਼ ’ਚ ਹੀ ਨਹੀਂ ਬਲਕਿ ਦੁਨੀਆ ਭਰ ਤੋਂ ਉਨ੍ਹਾਂ ਨੂੰ ਚਾਹੁਣ ਵਾਲੇ ਸ਼ਰਧਾਂਜਲੀਆਂ ਦੇ ਰਹੇ ਹਨ, ਖਾਸ ਕਰਕੇ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਤੋਂ। ਦਿਲੀਪ ਕੁਮਾਰ ਦਾ ਜਨਮ ਪੇਸ਼ਾਵਰ ’ਚ ਹੋਇਆ ਤੇ 1988 ’ਚ ਉਨ੍ਹਾਂ ਨੂੰ ਇਕ ਵਾਰ ਆਪਣੇ ਘਰ ਨੂੰ ਦੇਖਣ ਦਾ ਮੌਕਾ ਮਿਲਿਆ ਸੀ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਬੇਗਮ ਸਾਇਰਾ ਬਾਨੋ ਵੀ ਪਾਕਿਸਤਾਨ ਗਏ ਸਨ ਤੇ ਕੈਸਾਖਵਾਨੀ ਬਾਜ਼ਾਰ ਇਲਾਕੇ ਸਥਿਤ ਆਪਣੇ ਘਰ ਨੂੰ ਦੇਖਣ ਵੀ ਪਹੁੰਚੇ ਸਨ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋਈ। ਪਤਾ ਨਹੀਂ ਕਿਸ ਤਰ੍ਹਾਂ ਉਥੋਂ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਦਿਲੀਪ ਸਾਹਿਬ ਦੀ ਇਕ ਝਲਕ ਪਾਉਣ ਲਈ ਲੋਕਾਂ ਦਾ ਹੜ੍ਹ ਆ ਗਿਆ। ਉਹ ਜਦੋਂ ਗਲੀ ਤੱਕ ਪਹੁੰਚੇ ਤਾਂ ਲੋਕਾਂ ਦੀ ਇੰਨੀ ਭੀੜ ਤੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਦੇਖਦਿਆਂ ਤੇ ਸੁਰੱਖਿਆ ਕਰਮਚਾਰੀਆਂ ਦੇ ਕਹਿਣ ’ਤੇ ਉਹ ਗੱਡੀ ’ਚੋਂ ਹੀ ਨਹੀਂ ਉਤਰ ਸਕੇ ਤੇ ਇੰਨੇ ਸਾਲਾਂ ਬਾਅਦ ਪਾਕਿਸਤਾਨ ਜਾ ਕੇ ਵੀ ਉਹ ਆਪਣੇ ਜੱਦੀ ਘਰ ਦਾ ਦੀਦਾਰ ਨਹੀਂ ਕਰ ਸਕੇ।
ਸਾਲ 2015 ਵਿਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਦਿਲੀਪ ਕੁਮਾਰ ਨੂੰ ਮਿਲਣ ਭਾਰਤ ਆਏ। ਇਸ ਦੌਰਾਨ ਕਸੂਰੀ ਮੁੰਬਈ ਸਥਿਤ ਦਿਲੀਪ ਕੁਮਾਰ ਦੇ ਘਰ ਪਹੁੰਚੇ ਤੇ ਉਨ੍ਹਾਂ ਨੂੰ ਆਪਣੀ ਕਿਤਾਬ ਭੇਟ ਕੀਤੀ ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਦਿਲੀਪ ਕੁਮਾਰ ਸਾਇਰਾ ਬਾਨੋ ਨਾਲ ਦੋ ਵਾਰ ‘ਖੁਫੀਆ ਤਰੀਕੇ’ ਨਾਲ ਪਾਕਿਸਤਾਨ ਗਏ ਸਨ । ਇਹ ਭਾਰਤ ਸਰਕਾਰ ਦੇ ਸੀਕ੍ਰੇਟ ਮਿਸ਼ਨ ਅਧੀਨ ਸੀ। ਦਿਲੀਪ ਸਾਹਿਬ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਜਹਾਜ਼ ਰਾਹੀਂ ਇਸਲਾਮਾਬਾਦ ਪਹੁੰਚੇ ਸਨ ਤੇ ਇਸ ਗੱਲ ਦਾ ਜ਼ਿਕਰ ਸਾਇਰਾ ਬਾਨੋ ਨੇ ਵੀ ਕੀਤਾ ਸੀ। ਘਰ ਦਾ ਦੀਦਾਰ ਕਰਨ ’ਚ ਅਸਫਲ ਰਹਿਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਅਸੀਂ ਉਸ ਸਮੇਂ ਅੱਗੇ ਜਾਂਦੇ ਤਾਂ ਬਹੁਤ ਮੁਸ਼ਕਿਲ ਹੋ ਜਾਂਦੀ, ਖਾਸ ਕਰਕੇ ਸੁਰੱਖਿਆ ਕਰਮਚਾਰੀਆਂ ਲਈ, ਇਸ ਲਈ ਅਸੀਂ ਵਾਪਸ ਪਰਤ ਆਏ ਪਰ ਮੈਨੂੰ ਯਕੀਨ ਹੈ ਕਿ ਘਰ ਤਾਂ ਉਹੀ ਹੈ। 2014 ’ਚ ਪਾਕਿ ਸਰਕਾਰ ਨੇ ਦਿਲੀਪ ਸਾਹਿਬ ਦੇ ਘਰ ਨੂੰ ‘ਸੁਰੱਖਿਅਤ ਯਾਦਗਾਰ’ ਐਲਾਨ ਦਿੱਤਾ।