National
ਜਾਣੋ ਤੱਪਦੀ ਗਰਮੀ ‘ਚ ਕਦੋਂ ਮਿਲੇਗੀ ਰਾਹਤ
ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਮੌਨਸੂਨ ਲਗਪਗ ਪਹੁੰਚ ਚੁੱਕਾ ਹੈ। ਦਿੱਲੀ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ‘ਚ ਲੋਕ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਪਿਛਲੇ 2 ਦਿਨਾਂ ਤੋਂ ਰਾਜਧਾਨੀ ਦਿੱਲੀ ‘ਚ ਪਾਰਾ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ, ਅੱਜ ਕਈ ਇਲਾਕਿਆਂ ‘ਚ ਹਲਕਾ ਮੀਂਹ ਨਾਲ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲ ਸਕਦੀ ਹੈ ਪਰ ਅਜੇ ਦੋ ਦਿਨ ਤਕ ਲੂ ਦਾ ਪ੍ਰਕੋਪ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਿਕ, ‘ਪੰਜਾਬ ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਪੱਛਮੀ ਰਾਜਸਥਾਨ ਤੇ ਉੱਤਰ ਪੱਛਮੀ ਮੱਧ ਪ੍ਰਦੇਸ਼ ‘ਚ ਜ਼ਿਆਦਾਤਰ ਸਥਾਨਾਂ ‘ਤੇ ਭਿਆਨਕ ਲੂ ਚੱਲ ਰਹੀ ਹੈ। ਉਤਰਾਖੰਡ ਸਮੇਤ ਕਈ ਸੂਬਿਆਂ ਲਈ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।’
ਸਕਾਈਮੇਟ ਵੈਦਰ ਦੇ ਉਪ-ਪ੍ਰਧਾਨ ਮਹੇਸ਼ ਪਲਾਵਤ ਨੇ ਸੰਭਾਵਨਾ ਪ੍ਰਗਟਾਈ ਕਿ ਜੁਲਾਈ ਦੇ ਦੂਜੇ ਹਫ਼ਤੇ ‘ਚ ਦਿੱਲੀ ਐੱਨਸੀਆਰ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਮੌਨਸੂਨ ਦਾ ਮੀਂਹ ਸ਼ੁਰੂ ਹੋ ਜਾਵੇਗਾ। ਦਿੱਲੀ ‘ਚ ਵੀਰਵਾਰ ਨੂੰ ਜ਼ਿਆਦਾਤਰ ਤਾਪਮਾਨ 43.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉੱਥੇ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਚ ਵੀਰਵਾਰ ਨੂੰ ਲੂ ਦੀ ਸਥਿਤੀ ਰਹੀ। ਆਈਐੱਮਡੀ ਦੇ ਮਹਾ ਨਿਦੇਸ਼ਕ ਮ੍ਰਿਤਯੂਜਯ ਮਹਾਪਾਤਰ ਮੁਤਾਬਿਕ ਜੁਲਾਈ ਦੇ ਪਹਿਲੇ ਹਫ਼ਤੇ ‘ਚ ਜ਼ਿਆਦਾ ਮੀਂਹ ਨਹੀਂ ਪਵੇਗਾ, ਹਾਲਾਂਕਿ ਮਹੀਨੇ ਦੇ ਦੂਜੇ ਹਫ਼ਤੇ ਦੇ ਦੂਜੇ ਹਿੱਸੇ ‘ਚ ਮੀਂਹ ਦੀ ਗਤੀਵਿਧੀ ਵੱਧ ਸਕਦੀ ਹੈ। ਆਈਐੱਮਡੀ ਨੇ ਕਿਹਾ, ਪੂਰੇ ਦੇਸ਼ ‘ਚ ਜੁਲਾਈ 2021 ਲਈ ਮਾਸਿਕ ਮੀਂਹ ਠੀਕ ਹੋਣ ਦੀ ਸੰਭਾਵਨਾ ਹੈ।